ਵਾਰਤਕ ਲੇਖਕ ਅਤੇ ਰਾਜਸੀ ਤਬਸਰਾਨਿਗਾਰ ਪ੍ਰੋ. ਰਾਕੇਸ਼ ਰਮਨ ਕੁਝ ਦਿਨ ਬੀਮਾਰ ਰਹਿ ਕੇ ਅੱਜ ਸਦੀਵੀ ਵਿਛੋੜਾ ਦੇ ਗਏ

ਕਵੀ ਤੇ ਚਿੰਤਕ ਪ੍ਰੋ. ਰਾਕੇਸ਼ ਰਮਨ ਦਾ ਵਿਛੋੜਾ
ਚੰਡੀਗੜ੍ਹ: ਉੱਘੇ ਪ੍ਰਗਤੀਸ਼ੀਲ ਕਵੀ, ਨਾਟਕਕਾਰ, ਵਾਰਤਕ ਲੇਖਕ ਅਤੇ ਰਾਜਸੀ ਤਬਸਰਾਨਿਗਾਰ ਪ੍ਰੋ. ਰਾਕੇਸ਼ ਰਮਨ ਕੁਝ ਦਿਨ ਬੀਮਾਰ ਰਹਿ ਕੇ ਅੱਜ ਸਦੀਵੀ ਵਿਛੋੜਾ ਦੇ ਗਏ। ਉਹ ਅੱਸੀਵਿਆਂ ਵਿੱਚ ਆਪਣੇ ਪਲੇਠੇ ਕਾਵਿ-ਸੰਗ੍ਰਹਿ ‘ਮੋਰਚੇ ਤੋਂ ਬਾਹਰ’ ਦੀਆਂ ਨਜ਼ਮਾਂ ਨਾਲ ਚਰਚਾ ਵਿੱਚ ਆਏ ਸਨ। ਕਿੱਤੇ ਵਜੋਂ ਪੰਜਾਬੀ ਦੇ ਪ੍ਰਾਧਿਆਪਕ ਪ੍ਰੋ. ਰਮਨ ਨੇ ਸਰਕਾਰੀ ਕਾਲਜ ਢੁੱਡੀਕੇ ਅਤੇ ਸਰਕਾਰੀ ਸਾਇੰਸ ਕਾਲਜ ਜਗਰਾਉਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ।

ਉਨ੍ਹਾਂ ਨੇ ਸੱਤ ਕਾਵਿ-ਸੰਗ੍ਰਹਿ, ਦੋ ਨਾਟਕ, ਇੱਕ ਕਹਾਣੀ ਸੰਗ੍ਰਹਿ ਅਤੇ ਇੱਕ ਮੁਲਾਕਾਤਾਂ ਦੀ ਕਿਤਾਬ – ‘ਸੰਵਾਦ ਦੇ ਪਲ’ ਸੰਪਾਦਿਤ ਕੀਤੀ। ‘ਮੋਰਚੇ ਤੋਂ ਬਾਹਰ’, ‘ਬੂੰਦ ਬੂੰਦ ਬਰਸਾਤ’, ‘ਪੁਲਾਂ ਦੇ ਟੁੱਟ ਜਾਣ ਮਗਰੋਂ’, ‘ਤਾਲਾ’, ‘ਨਦੀ ਕਿਹਾ’, ‘ਪ੍ਰਾਬਲਮਮੈਨ’ ਅਤੇ ‘ਹੱਦਾਂ ਟੱਪ ਆਏ ਜਰਵਾਣੇ’ ਉਨ੍ਹਾਂ ਦੇ ਕਾਵਿ-ਸੰਗ੍ਰਹਿਆਂ ਦੇ ਨਾਮ ਹਨ। ‘ਰੰਗ ਮਜੀਠੀ’ ਉਸ ਦਾ ਕਹਾਣੀ ਸੰਗ੍ਰਹਿ ਹੈ। ਗ਼ਦਰ ਲਹਿਰ ਬਾਰੇ ਲਿਖੇ ਉਸ ਦੇ ਨਾਟਕ ਦਾ ਨਾਮ ਹੈ ‘ਗਾਥਾ-ਇ-ਗ਼ਦਰ’। ਆਪਣੀਆਂ ਰਾਜਸੀ ਤਬਸਰਾ-ਨੁਮਾ ਰਚਨਾਵਾਂ ਕਰਕੇ ਉਹ ਪੰਜਾਬੀ ਅਖ਼ਬਾਰਾਂ ਤੇ ਸਾਹਿਤਕ ਰਿਸਾਲਿਆਂ ਵਿੱਚ ਪੇਸ਼ ਪੇਸ਼ ਰਹੇ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਬਹੁਤ ਸੰਭਾਵਨਾਵਾਂ ਵਾਲੇ ਚੇਤਨ ਲੇਖਕ ਤੋਂ ਵਾਂਝੇ ਹੋ ਗਏ ਹਾਂ। ਕੇਂਦਰੀ ਪੰਜਾਬੀ ਲੇਖਕ ਸਭਾ ਗ਼ਮ ਦੀ ਇਸ ਘੜੀ ਵਿੱਚ ਪ੍ਰੋ. ਰਮਨ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕਰਦੀ ਹੈ।

Related posts

Leave a Reply