ਪ੍ਰੋ. ਦਰਿਆ ਦਾ ਦੁਖਦਾਈ ਵਿਛੋੜਾ: ਪੰਜਾਬੀ ਲੋਕਧਾਰਾ ਅਧਿਐਨ ਅਤੇ ਵਿਦਿਆਰਥੀ ਵਰਗ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ CLICK HERE: READ MORE::

ਪ੍ਰੋ. ਦਰਿਆ ਦਾ ਦੁਖਦਾਈ ਵਿਛੋੜਾ
ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਉੱਭਰਦੇ ਲੋਕ-ਧਾਰਾ ਵਿਗਿਆਨੀ ਤੇ ਚਿੰਤਕ ਪ੍ਰੋ. ਦਰਿਆ ਦੇ ਬੇਵਕਤ ਅਕਾਲ ਚਲਾਣੇ ਉੱਤੇ ਗਹਿਰੀ ਸੰਵੇਦਨਾ ਪ੍ਰਗਟ ਕਰਦੀ ਹੈ। ਪ੍ਰੋ. ਦਰਿਆ ਸੰਵੇਦਨਸ਼ੀਲ ਕਵੀ, ਹਰ ਦਿਲ ਅਜ਼ੀਜ਼ ਅਧਿਆਪਕ ਅਤੇ ਪੰਜਾਬੀ ਲੋਕ-ਧਾਰਾ ਦੇ ਵਿਸ਼ੇਸ਼ਗ ਸਨ। ਪੰਜਾਬੀ ਲੋਕ-ਸਾਹਿਤ ਤੇ ਲੋਕ-ਧਾਰਾ ਦੀ ਖੋਜ ਤੇ ਸਾਂਭ-ਸੰਭਾਲ ਦੀ ਜਾਗ ਉਨ੍ਹਾਂ ਨੂੰ ਆਪਣੇ ਪਿਤਾ ਤੇ ਨਾਮਵਰ ਲੋਕ-ਧਾਰਾ ਸ਼ਾਸਤਰੀ ਗਿਆਨੀ ਸ਼ਿੰਗਾਰਾ ਸਿੰਘ ‘ਆਜੜੀ’ ਤੋਂ ਲੱਗੀ।

ਉਸ ਨੇ ‘ਪੰਜਾਬ ਦੇ ਸਾਂਸੀ ਕਬੀਲੇ ਦਾ ਸੱਭਿਆਚਾਰ’, ‘ਪੰਜਾਬੀ ਲੋਕ ਧਰਮ: ਇੱਕ ਅਧਿਐਨ’, ‘ਪੰਜਾਬ ਦੇ ਕਬੀਲੇ: ਅਤੀਤ ਤੇ ਵਰਤਮਾਨ’, ‘ਪੰਜਾਬੀ ਲੋਕਧਾਰਾ ਤੇ ਸੱਭਿਆਚਾਰ: ਬਦਲਦੇ ਪਰਿਪੇਖ’, ‘ਪੰਜਾਬੀ ਲੋਕਧਾਰਾ ਅਧਿਐਨ: ਵਿਭਿੰਨ ਪਾਸਾਰ’, ‘ਪੰਜਾਬੀ ਲੋਕ ਧਰਮ: ਸਮਾਜ ਮਨੋਵਿਗਿਆਨਕ ਅਧਿਐਨ’, ਅਤੇ ‘ਜੰਗਲ ਦੇ ਨਾਲ-ਨਾਲ’ (ਕਾਵਿ ਸੰਗ੍ਰਹਿ) ਆਦਿ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।
ਡਾ. ਦਰਿਆ ਨੇ ਪੰਜਾਬੀ ਲੋਕ-ਸਾਹਿਤ, ਲੋਕ-ਧਾਰਾ, ਲੋਕ-ਧਰਮ ਅਤੇ ਪੰਜਾਬੀ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਬਾਰੇ 6 ਪੁਸਤਕਾਂ ਸੰਪਾਦਿਤ ਕੀਤੀਆਂ ਅਤੇ ਪੰਜਾਬੀ ਲੋਕ-ਧਾਰਾ ਦੇ ਅਧਿਐਨ ਨਾਲ ਜੁੜੇ ਦੋ ਦਰਜਨ ਖੋਜ-ਵਿਗਿਆਰਥੀਆਂ ਦੀ ਰਹਿਨੁਮਾਈ ਕੀਤੀ। ਉਹ ਅੱਜਕੱਲ੍ਹ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਵਜੋਂ ਸੇਵਾ ਨਿਭਾ ਰਹੇ ਸਨ। ਡਾ. ਦਰਿਆ ਖ਼ੁਸ਼ਮਿਜ਼ਾਜ, ਜਿੰਦਾਦਿਲ ਅਤੇ ਮੁਹੱਬਤੀ ਇਨਸਾਨ ਸਨ।
ਇੱਕ ਅਤਿ ਪਛੜੇ ਕਬੀਲੇ ‘ਚੋਂ ਉੱਠ ਕੇ ਉਸ ਨੇ ਅਕਾਦਮਿਕ ਖੇਤਰ ਵਿੱਚ ਬੁਲੰਦੀਆਂ ਨੂੰ ਛੋਹਿਆ ਅਤੇ ਗੰਭੀਰ ਲੋਕਧਾਰਾ ਵਿਗਿਆਨੀ ਵਜੋਂ ਪੜਤ ਬਣਾਈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਡਾ. ਦਰਿਆ ਦੇ ਜਾਣ ਨਾਲ ਪੰਜਾਬੀ ਸਾਹਿਤ, ਅਕਾਦਮਿਕ ਹਲਕਿਆਂ, ਪੰਜਾਬੀ ਲੋਕਧਾਰਾ ਅਧਿਐਨ ਅਤੇ ਵਿਦਿਆਰਥੀ ਵਰਗ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਡਾ. ਦਰਿਆ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕਰਦੀ ਹੈ।

Related posts

Leave a Reply