ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ ਮੌਕੇ ਕਰਾਇਆ ਜਾਵੇਗਾ ਰਾਜ ਪੱਧਰੀ ਸਮਾਗਮ : ਡਾ. ਰਾਜ ਕੁਮਾਰ ਚੱਬੇਵਾਲ

ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ ਮੌਕੇ ਕਰਾਇਆ ਜਾਵੇਗਾ ਰਾਜ ਪੱਧਰੀ ਸਮਾਗਮ : ਡਾ. ਰਾਜ ਕੁਮਾਰ ਚੱਬੇਵਾਲ
ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਹੋਵੇਗਾ ਸਮਾਗਮ, ਕੈਬਨਿਟ ਮੰਤਰੀ ਅਰੁਨਾ ਚੌਧਰੀ ਹੋਣਗੇ ਸ਼ਾਮਲ
ਹੁਸ਼ਿਆਰਪੁਰ, 25 ਫਰਵਰੀ  (ਆਦੇਸ਼ ): ਸ੍ਰੀ ਗੁਰੂ ਰਵਿਦਾਸ ਜੀ ਦੇ 644ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ, ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ ਜਿਸ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਉਚੇਚੇ ਤੌਰ ’ਤੇ ਸ਼ਿਰਕਤ ਕਰਨਗੇ।
ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ 27 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸੰਗਤ ਦੀ ਆਮਦ ਦੇ ਮੱਦੇਨਜ਼ਰ ਲੋੜੀਂਦੇ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਜੋ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਬਣ ਰਹੀ ਸ੍ਰੀ ਗੁਰੂ ਰਵਿਦਾਸ ਯਾਦਗਾਰ ਦੇ ਕੰਮ ਦੀ ਸਮੀਖਿਆ ਕਰਦਿਆਂ ਇਹ ਪ੍ਰਾਜੈਕਟ ਜੂਨ 2021 ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ  ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਉਂਦੀ ਭਾਰੀ ਗਿਣਤੀ ਵਿੱਚ ਸੰਗਤ ਦੀ ਆਵਾਜਾਈ ਨੂੰ ਲੈ ਕੇ ਯਾਦਗਾਰ ਤੱਕ ਜਾਂਦੀ 10 ਫੁੱਟ ਚੌੜੀ ਸੜਕ ਦੇ 4 ਕਿਲੋਮੀਟਰ ਦੇ ਹਿੱਸੇ ਨੂੰ ਚੌੜਾ ਅਤੇ ਮਜ਼ਬੂਤ ਕਰਨ ਸਬੰਧੀ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਔਕੜ ਪੇਸ਼ ਨਾ ਆਵੇ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਹੁਣ ਤੱਕ ਇਸ ਪ੍ਰਾਜੈਕਟ ’ਤੇ ਕਰੀਬ 60 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ ਅਤੇ ਪ੍ਰਾਜੈਕਟ ਪੂਰਾ ਹੋਣ ’ਤੇ ਇਹ ਲਾਗਤ 104 ਕਰੋੜ ਰੁਪਏ ਹੋ ਜਾਵੇਗੀ।
  ਜ਼ਿਕਰਯੋਗ ਹੈ ਕਿ ਇਸ ਅਸਥਾਨ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਨੇ 4 ਸਾਲ 2 ਮਹੀਨੇ 11 ਦਿਨ ਤਪ ਕਰਦਿਆਂ ਸਮੁੱਚੀ ਲੋਕਾਈ ਨੂੰ ਮਾਨਵਤਾ, ਏਕਤਾ, ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦਾ ਉਪਦੇਸ਼ ਦਿੱਤਾ। 

Related posts

Leave a Reply