ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਸਾੜੇਗੀ ਪੰਜਾਬ ਯੂਥ ਕਾਂਗਰਸ

ਰਾਵਣ ਵਾਂਗ ਮੋਦੀ ਦਾ ਹੰਕਾਰ ਵੀ ਹੋਵੇਗਾ ਢਹਿ-ਢੇਰੀ: ਬਰਿੰਦਰ ਢਿੱਲੋਂ

ਚੰਡੀਗੜ੍ਹ/ਹੁੁਸਿਆਰਪੁਰ, 25 ਅਕਤੂਬਰ(ਚੌਧਰੀ) : ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਯੂਥ ਕਾਂਗਰਸ ਨੇ ਅੱਜ ਐਲਾਨ ਕੀਤਾ ਕਿ ਉਹ ਦੁਸਹਿਰੇ ਮੌਕੇ ਮਾਨਸਾ ਵਿਖੇ ਰਾਵਣ ਵਾਂਗ ਪ੍ਰਧਾਨ ਮੰਤਰੀ ਨਰਿੰਦਰ ਦਾ ਪੁਤਲਾ ਸਾੜ ਕੇ ਆਪਣੇ  ਰੋਹ ਦਾ ਪ੍ਰਗਟਾਵਾ ਕਰਨਗੇ। ਇਸ ਤੋਂ ਪਹਿਲਾਂ ਮਾਨਸਾ ਦੇ ਪਿੰਡਾਂ ਵਿੱਚ ਇੱਕ ਸਾਈਕਲ ਰੈਲੀ ਵੀ ਕੱਢੀ ਜਾਵੇਗੀ।

ਇਥੇ ਜਾਰੀ ਆਪਣੇ ਬਿਆਨ ਵਿੱਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ “ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕਣ ਲੋਕਾਂ ਦਾ ਹਜੂਮ ਇਕੱਠਾ ਹੋਵੇਗਾ।” ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਕਿਸਾਨਾਂ ਲਈ ਰਾਵਣ ਵਾਂਗ ਹਨ ਅਤੇ ਜਲਦੀ ਹੀ ਮੋਦੀ ਸਰਕਾਰ ਦੇ ਹੰਕਾਰ ਦਾ ਖ਼ਾਤਮਾ ਕਰ ਦਿੱਤਾ ਜਾਵੇਗਾ।

ਰਾਵਣ ਦੇ ਹੰਕਾਰ ਦਾ ਜ਼ਿਕਰ ਕਰਦਿਆਂ ਬਰਿੰਦਰ ਢਿੱਲੋਂ ਨੇ ਕਿਹਾ ਕਿ ਰਾਮ ਰਾਜ ਵਿੱਚ ਧਰਤੀ ਅਤੇ ਸਵਰਗ ਦੇ ਸਭ ਤੋਂ ਸ਼ਕਤੀਸ਼ਾਲੀ ਰਾਜੇ ਰਾਵਣ ਦਾ ਹਉਮੈ ਢਹਿ-ਢੇਰੀ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਦੁਰਯੋਧਨ, ਜਿਸ ਦੇ 100 ਭਰਾ ਸਨ, ਦੇ ਹੰਕਾਰ ਦਾ ਵੀ ਪਾਂਡਵਾਂ ਨੇ ਨਾਸ ਕਰ ਦਿੱਤਾ ਸੀ। ਹੁਣ ਮੋਦੀ ਸਰਕਾਰ ਦੀ ਹਉਮੈ ਨੂੰ ਕਿਸਾਨ ਢਾਹ ਲਾਉਣਗੇ।
 
ਉਨ੍ਹਾਂ ਕਿਹਾ ਕਿ ਹਾਲਾਂਕਿ ਕੋਵਿਡ- 19 ਮਹਾਂਮਾਰੀ ਦੌਰਾਨ ਕਿਸਾਨਾਂ ਨੇ ਸਭ ਨੂੰ ਭੋਜਨ ਮੁਹੱਈਆ ਕਰਵਾਇਆ ਪਰ ਅੱਜ ਮੋਦੀ ਸਰਕਾਰ ਉਨ੍ਹਾਂ ਦਾ ਆਪਣਾ ਭੋਜਨ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਅੱਜ ਮੋਦੀ ਸਰਕਾਰ ਦੀ ਤਾਨਾਸ਼ਾਹੀ ਵਿਰੁੱਧ ਸੜਕਾਂ ‘ਤੇ ਹਨ। ਮੋਦੀ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਕਿਸਾਨ ਉਨ੍ਹਾਂ ਨੂੰ ਸੱਤਾ ‘ਚ ਲਿਆਉਣ ਲਈ ਵੋਟ ਦੇ ਸਕਦੇ ਹਨ ਤਾਂ ਉਹ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਵੀ ਸੁੱਟ ਸਕਦੇ ਹਨ।

Related posts

Leave a Reply