ਰੇਨੂ ਚੌਹਾਨ ਨੇ ਪੰਜਾਬ ਸਟੇਟ ਡੀਅਰ 100+ ਲਾਟਰੀ ਦਾ ਇਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ
ਚੰਡੀਗੜ, 26 ਫਰਵਰੀ
ਅੰਮਿ੍ਤਸਰ ਦੀ ਰਹਿਣ ਵਾਲੀ ਇਕ ਘਰੇਲੂ ਸੁਆਣੀ ਦੀ ਪੰਜਾਬ ਸਰਕਾਰ ਦੀ 100 ਰੁਪਏ ਦੀ ਲਾਟਰੀ ਟਿਕਟ ਨੇ ਕਿਸਮਤ ਬਦਲ ਦਿੱਤੀ ਹੈ। ਰੇਨੂ ਚੌਹਾਨ ਨੇ ਪੰਜਾਬ ਸਟੇਟ ਡੀਅਰ 100+ ਲਾਟਰੀ ਦਾ ਇਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਮਹੀਨਾਵਾਰ ਲਾਟਰੀ ਦੀ ਖੁਸ਼ਨਸੀਬ ਜੇਤੂ ਰੇਨੂ ਨੇ ਅੱਜ ਇਥੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਟਿਕਟ ਅਤੇ ਹੋਰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ।
ਪਹਿਲਾ ਇਨਾਮ ਜਿੱਤਣ ਬਾਅਦ ਬਾਗ਼ੋਬਾਗ ਨਜ਼ਰ ਆ ਰਹੀ ਰੇਨੂ ਨੇ ਕਿਹਾ ਕਿ ਇਹ ਇਨਾਮ ਉਸ ਦੇ ਮੱਧ-ਵਰਗੀ ਪਰਿਵਾਰ ਲਈ ਮਾਲੀ ਰਾਹਤ ਵਾਲਾ ਹੈ। ਉਨ੍ਹਾਂ ਕਿਹਾ ਕਿ ਉਸ ਦਾ ਪਤੀ ਅੰਮਿ੍ਤਸਰ ਵਿਖੇ ਕੱਪੜੇ ਦੀ ਦੁਕਾਨ ਚਲਾਉਂਦਾ ਹੈ ਅਤੇ ਇਹ ਇਨਾਮੀ ਰਾਸ਼ੀ ਉਨਾਂ ਦੀ ਜ਼ਿੰਦਗੀ ਨੂੰ ਆਰਥਿਕ ਪੱਖੋਂ ਹੋਰ ਸੁਖਾਲੀ ਬਣਾਵੇਗੀ।
ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਡੀਅਰ 100+ ਲਾਟਰੀ ਦਾ ਡਰਾਅ 11 ਫਰਵਰੀ, 2021 ਨੂੰ ਕੱਢਿਆ ਗਿਆ ਸੀ ਅਤੇ ਪਹਿਲਾ ਇਨਾਮ ਟਿਕਟ ਨੰ: ਡੀ-12228 ਉਤੇ ਨਿਕਲਿਆ ਸੀ। ਉਨ੍ਹਾਂ ਦੱਸਿਆ ਕਿ ਰੇਨੂ ਨੇ ਇਨਾਮੀ ਰਾਸ਼ੀ ਲਈ ਅੱਜ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ ਅਤੇ ਜਲਦੀ ਹੀ ਇਨਾਮੀ ਰਾਸ਼ੀ ਉਨ੍ਹਾਂ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp