ਸਾਹਿਤ ਸਭਾ ਵਲੋਂ ਨਾਮਵਰ ਲੇਖਕ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦੇ ਆਕਾਲ ਚਲਾਣੇ ਤੇ ਗਹਿਰੇ ਦੁਖ ਦਾ ਇਜ਼ਹਾਰ


ਗੁਰਦਾਸਪੁਰ 11 ਅਗਸਤ ( ਅਸ਼ਵਨੀ) : ਸਾਹਿਤ ਸਭਾ ਗੁਰਦਾਸਪੁਰ ਦੇ ਜਨਰਲ ਸਕੱਤਰ ਜੀ ਐਸ ਪਾਹੜਾ,ਪ੍ਰਧਾਨ ਜੇ ਪੀ ਸਿੰਘ ਖਰਲਾਂਵਾਲਾ,ਵਿੱਤ ਸਕੱਤਰ ਜਨਕ ਰਾਜ ਰਠੌਰ,ਮੈਡਮ ਹਰਮੀਤ ਕੌਰ, ਕਸ਼ਮੀਰ ਕੌਰ ਸਰਾਵਾਂ,ਹਰਪ੍ਰੀਤ ਕੌਰ,ਗੁਰਮੀਤ ਸਿੰਘ ਬਾਜਵਾ, ਗੁਰਸ਼ਰਨ ਸਿੰਘ ਮਠਾੜੂ, ਸੋਮ ਰਾਜ ਸ਼ਰਮਾ,ਵਿਜੇ ਬੱਧਣ,ਮੰਗਲਦੀਪ, ਗੁਰਪ੍ਰੀਤ ਸਿੰਘ ਘੁੰਮਣ,ਰੰਜਨ ਵਫ਼ਾ,ਵਰਿੰਦਰ ਸਿੰਘ ਸੈਣੀ,ਰਜਿੰਦਰ ਸਿੰਘ ਕਲਾਨੌਰ,ਰਜਿੰਦਰ ਸਿੰਘ ਦਿਉਲ ਲੈਕਚਰਾਰ, ਬਲਵੰਤ ਸਿੰਘ ਘੁਲਾ,ਨਵਰਾਜ ਸਿੰਘ ਸੰਧੂ,ਡਾਕਟਰ ਗੁਰਬੀਰ ਸਿੰਘ,ਡਾਕਟਰ ਅਵਤਾਰ ਸਿੰਘ ਰੰਧਾਵਾ,ਅਮਰੀਕ ਸਿੰਘ ਮਾਨ,ਰਛਪਾਲ ਸਿੰਘ ਘੁੰਮਣ ਤੇ ਪ੍ਰਿੰਸੀਪਲ ਜਗਦੀਸ਼ ਰਾਜ ਅਰੋੜਾ ਨੇ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦੀ ਮੌਤ ਤੇ ਡੂੰਘੇ ਦੁਖ ਦਾ ਇਜ਼ਹਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਾਡੇ ਕੋਲੋਂ ਪੰਜਾਬੀ ਮਾਂ ਬੋਲੀ ਦਾ ਵਿਦਵਾਨ, ਉਘਾ ਇਤਿਹਾਸਕਾਰ, ਚਿੰਤਕ, ਨਾਮਵਰ ਸਾਹਿਤਕਾਰ, ਗਿਆਨ ਦਾ ਸਾਗਰ, ਸੁਹਿਰਦ ਦਿਲਦਾਰ ਅਤੇ ਹਸਮੁੱਖ ਮਿੱਤਰ ਵਿੱਛੜ ਗਿਆ ਹੈ। ਆਪਣੇ ਅੰਦਰ ਸਮੋਏ ਹੋਏ ਗਿਆਨ ਨੂੰ ਕਲਮਬੰਦ ਕਰਨ ਲਈ ਨਿਰੰਤਰ ਯਤਨਸ਼ੀਲ ਸਨ ਪ੍ਰਿ: ਸੇਵਾ ਸਿੰਘ ਕੌੜਾ ਜੀ। ੳਹਨਾਂ ਤੇ ਇੱਕ ਜਨੂੰਨ ਸਵਾਰ ਸੀ, ਪੰਜਾਬੀ ਮਾਂ  ਬੋਲੀ ਲਈ ਕੁਝ ਕਰ ਗੁਜ਼ਰਨ ਦਾ। ਉਹ ਆਪਣੇ ਸ਼ੁਰੂ ਕੀਤੇ ਨਵੇਂ ਕਾਰਜ, ਜਿਸ ਵਿੱਚ ਉਹ ਪੰਜਾਬੀ ਦੇ ਅਲੋਪ ਹੁੰਦੇ ਜਾ ਰਹੇ ਸ਼ਬਦਾਂ ਦਾ ਕੋਸ਼ ਤਿਆਰ ਕਰਨ ਵਿੱਚ, ਆਪਣੀ ਬਿਮਾਰੀ ਦੀ ਪ੍ਰਵਾਹ ਕੀਤੇ ਬਗੈਰ, ਪੂਰੀ ਸ਼ਿੱਦਤ ਤੇ ਲਗਨ ਨਾਲ ਰੁੱਝੇ ਹੋਏ ਸਨ।
     
ਪ੍ਰਿੰਸੀਪਲ ਸੇਵਾ ਸਿੰਘ ਕੌੜਾ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਅਨਮੋਲ ਰਚਨਾਵਾਂ ਦਾ ਖਜ਼ਾਨਾ ਪਾਇਆ ਹੈ । ਉਹਨਾਂ ਨੇ ਆਪਣੀਆਂ ਬਹੁਤ ਹੀ ਖੋਜ ਭਰਪੂਰ ਪੁਸਤਕਾਂ ਨਾਲ ਮਾਂ ਬੋਲੀ ਨੂੰ ਮਾਲਾ ਮਾਲ ਕੀਤਾ ਹੈ , ਜਿਹਨਾਂ ਵਿੱਚ “ਵਿਰਸਾ ਵਿਸਰ ਰਿਹਾ”, “ਨਾਵਾਂ ਦਾ ਨਿਕਾਸ”, “ਸ੍ਰੀ ਗੁਰੂ ਗੋਬਿੰਦ ਸਿੰਘ (ਸਖਸ਼ੀਅਤ, ਸਫਰ ਤੇ ਸੰਦੇਸ਼), ਸਾਂਝੀ ਵਿਰਾਸਤ, ਗੁਰੂ ਤੇਗ ਬਹਾਦਰ ਸਾਹਿਬ (ਸਖਸ਼ੀਅਤ, ਸਫਰ, ਸੰਦੇਸ਼ ਤੇ ਸ਼ਹਾਦਤ) ਆਦਿ ਜ਼ਿਕਰਯੋਗ ਹਨ । ਇਸਤੋਂ ਇਲਾਵਾ ਉਹਨਾਂ ਦੀ ਪੰਜਾਬੀ ਅਖਾਣਾਂ ਤੇ ਬਹੁਤ ਹੀ ਖੋਜ ਭਰਪੂਰ ਪੁਸਤਕ ਜਿਸ ਵਿੱਚ ਸਭਿਆਚਾਰ ਨਾਲ ਵਿਸਰ ਰਹੇ 1001 ਦੇ ਕਰੀਬ ਅਖਾਣ 600 ਦੇ ਕਰੀਭ ਪੰਨਿਆਂ ਤੇ ਅੰਕਿਤ ਹਨ “ਵਿਸਰ ਰਹੇ ਪੰਜਾਬੀ ਅਖਾਣ” ਪੰਜਾਬੀ ਸਾਹਿਤ ਦੀ ਝੋਲੀ ਪਾਕੇ ਇਸ ਨੂੰ ਮਾਲਾ ਮਾਲ ਕੀਤਾ ਹੈ ।  ਉਹਨਾਂ ਦੀ ਪੰਜਾਬੀ ਮਾਂ ਬੋਲੀ ਨੂੰ ਅਦੁੱਤੀ ਦੇਣ ਹਮੇਸ਼ਾਂ ਯਾਦ ਕੀਤੀ ਜਾਂਦੀ ਰਹੇਗੀ ।

ਕਾਸ਼ ਜੇ ਅਕਲਪੁਰਖ ਉਹਨਾਂ ਨੂੰ ਹੋਰ ਿਜੰਦਗੀ ਬਖਸ਼ ਦਿੰਦੇ ਤਾਂ ਉਹ ਮਾਂ ਬੋਲੀ ਦੀ ਝੋਲੀ ਵਿੱਚ, ਵੰਨ ਸਵੰਨਾ ਸਾਹਿਤਕ ਅਤੇ ਚਿੰਤਨ ਭਰਪੂਰ ਹੋਰ ਖਜਾਨਾ ਪਾ ਜਾਂਦੇ। ਉਹਨਾ  ਦੇ ਵਿਛੋੜੇ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਵੱਡੇ ਭਰਾਵਾਂ ਵਰਗੇ ਪ੍ਰਿ : ਸੇਵਾ ਸਿੰਘ ਕੌੜਾ ਜੀ। ਸਾਡੇ ਮਾਰਗ ਦਰਸ਼ਕ ਵੀ ਸਨ। ਉਹਨਾਂ ਦੀ ਘਾਟ ਹਰੇਕ ਸਾਹਿਤਕ ਪ੍ਰੋਗਰਾਮ ਵਿੱਚ ਹਮੇਸ਼ਾ ਰੜਕਦੀ ਰਹੇਗੀ।

Related posts

Leave a Reply