ਬੁੱਧ ਸਿੰਘ ਜੀ ਦੇ ਜਨਮ ਦਿਨ ਮੌਕੇ 1 ਮਹੀਨਾ ਮਰੀਜ਼ਾਂ ਨੂੰ ਦਿੱਤੀਆਂ ਜਾਣਗੀਆਂ ਖਾਸ ਰਿਆਇਤਾਂ : ਬੀਬੀ ਸੁਸ਼ੀਲ ਕੌਰ

ਲੈਬ ਟੈਸਟਾਂ ‘ਚ 50% ਤੱਕ ਛੋਟ, ਅੱਖਾਂ ਦੇ ਅਪਰੇਸ਼ਨ 5 ਹਜ਼ਾਰ,ਹੋਰ ਅਪਰੇਸ਼ਨ 14 ਹਜ਼ਾਰ ਵਿੱਚ ਕਰਨ ਦਾ ਫੈਸਲਾ

ਗੜਸ਼ੰਕਰ 3 ਦਸੰਬਰ (ਅਸ਼ਵਨੀ ਸ਼ਰਮਾ)-ਗੁਰੂ ਨਾਨਕ ਮਿਸ਼ਨ ਚੈਰੀਟੇਬਲ ਟਰੱਸਟ ਨਵਾਗਰਾਂ-ਕੁੱਲਪੁਰ ਦੇ ਸੰਸਥਾਪਕ ਬਾਬਾ ਬੁੱਧ ਸਿੰਘ ਜੀ ਢਾਹਾਂ  ਦੇ 5 ਦਸੰਬਰ ਜਨਮ ਦਿਵਸ ਮਨਾਉਣ ਅਤੇ ਆਮ ਲੋਕਾਂ ਨੂੰ ਉੱਚ ਪੱਧਰ ਦੀਆਂ ਸਸਤੀਆਂ ਸਿਹਤ ਸੇਵਾਵਾਂ ਦੇਣ ਲਈ ਟਰੱਸਟ ਮੈਂਬਰਾਂ ਦੀ ਅਹਿਮ ਮੀਟਿੰਗ ਟਰੱਸਟ ਦੇ ਮੁੱਖ ਸੇਵਾਦਾਰ ਬੀਬੀ ਸੁਸ਼ੀਲ ਕੌਰ ਦੀ ਅਗਵਾਈ ਹੇਠ ਗੁਰੂ ਨਾਨਕ ਮਿਸ਼ਨ ਹਸਪਤਾਲ ਬੁੱਧ ਸਿੰਘ ਨਗਰ ਕੁੱਕੜਮਾਜਰਾ ਕੰਪਲੈਕਸ ਵਿੱਚ ਹੋਈ।ਮੀਟਿੰਗ ਦੀ ਕਾਰਵਾਈ ਸਾਂਝੀ ਕਰਦਿਆਂ ਹਸਪਤਾਲ ਦੇ ਮੁੱਖ ਪ੍ਰਬੰਧਕ ਸ: ਰਘਬੀਰ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਜੀ ਢਾਹਾਂ ਦੇ 5 ਦਸੰਬਰ ਨੂੰ  ਜਨਮ ਦਿਨ ਮੌਕੇ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੰਖੇਪ ਸਮਾਗਮ ਕੀਤਾ ਜਾਵੇਗਾ। 5 ਦਸੰਬਰ ਨੂੰ ਹਸਪਤਾਲ ਕੰਪਲੈਕਸ ਵਿੱਚ ਬਣੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਸਹਿਜ ਪਾਠ ਦੇ ਭੋਗ ਪਾਉਣ ਉਪਰੰਤ  ਬਾਬਾ ਜੀ ਦੀ ਯਾਦ ਵਿੱਚ 1 ਮਹੀਨਾ ਮਰੀਜ਼ਾਂ ਨੂੰ ਖਾਸ ਰਿਆਇਤਾਂ ਦਿੱਤੀਆਂ ਜਾਣਗੀਆਂ।ਟਰੱਸਟ ਦੇ ਮੁੱਖ ਸੇਵਾਦਾਰ ਬੀਬੀ ਸੁਸ਼ੀਲ ਕੌਰ ਨੇ ਦੱਸਿਆ ਕਿ ਕੰਢੀ ਬੀਤ ਦੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ  ਡਾ:ਐਸ.ਪੀ.ਸਿੰਘ ਉਬਰਾਏ, ਨਿੱਝਰ ਪਰਿਵਾਰ ਭਾਰਸਿੰਘਪੁਰਾ,ਡਾ:ਜਸਨੀਤ ਸਿੰਘ ਅਤੇ ਡਾ:ਸੁਮਨਪ੍ਰੀਤ ਸਿੰਘ ਭੁੱਲਰ ਅਮਰੀਕਾ ਨਿਵਾਸੀਆਂ ਦੇ ਸਹਿਯੋਗ ਨਾਲ ਪੂਰਾ 1 ਮਹੀਨਾ ਵੱਖ ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮੁਫਤ ਜਾਂਚ ਕੀਤੀ ਜਾਵੇਗੀ। ਲੈਬ ਟੈਸਟਾਂ ਵਿੱਚ 50 ਪ੍ਰਤੀਸ਼ਤ ਤੱਕ ਦੀ ਛੋਟ ਦਿੱਤੀ ਜਾਵੇਗੀ। ਚਿੱਟੇ ਮੋਤੀਏ ਦੇ ਅਪਰੇਸ਼ਨ  ਫੇਕੋ ਸਰਜਰੀ ਨਾਲ ਫੋਲਡੇਵਲ ਲੈਂਜ ਸਿਰਫ 5 ਹਜ਼ਾਰ ਵਿੱਚ ਪਾਏ ਜਾਣਗੇ। ਪਿੱਤੇ ਦੀ ਪੱਥਰੀ, ਬੱਚੇਦਾਨੀ ਦੀਆਂ ਰਸੌਲੀਆ,ਵੱਡੇ ਅਪਰੇਸ਼ਨ ਨਾਲ ਬੱਚੇ ਦੀ ਪੈਦਾਇਸ਼, ਹਰਨੀਆਂ,ਬਵਾਸੀਰ ਦੇ ਅਪਰੇਸ਼ਨ ਸਿਰਫ 14 ਹਜ਼ਾਰ ਵਿੱਚ ਕੀਤੇ ਜਾਣਗੇ। ਟਰੱਸਟ ਮੈਂਬਰਾਂ ਨੇ ਇਲਾਕੇ ਦੀਆਂ ਸੰਗਤਾਂ ਅਤੇ ਲੋੜਵੰਦ ਮਰੀਜ਼ਾਂ ਨੂੰ ਇਸ ਇੱਕ ਮਹੀਨਾ ਚੱਲਣ ਵਾਲੇ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ।
  

Related posts

Leave a Reply