PATIALA BIG NEWS: ਐਸ.ਐਸ.ਪੀ. ਦੁੱਗਲ ਵੱਲੋਂ ਸੋਸ਼ਲ ਮੀਡੀਆ ‘ਤੇ ਕੋਵਿਡ ਸਬੰਧੀਂ ਗੁੰਮਰਾਹਕੁੰਨ ਪ੍ਰਚਾਰ ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ

ਐਸ.ਐਸ.ਪੀ. ਦੁੱਗਲ ਵੱਲੋਂ ਸੋਸ਼ਲ ਮੀਡੀਆ ‘ਤੇ ਕੋਵਿਡ ਸਬੰਧੀਂ ਗੁੰਮਰਾਹਕੁੰਨ ਪ੍ਰਚਾਰ ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ
-ਅਫ਼ਵਾਹਾਂ ਫੈਲਾਉਣ ਤੇ ਕੋਵਿਡ ਡਿਊਟੀ ‘ਤੇ ਲੱਗੇ ਸਟਾਫ਼ ਨਾਲ ਦੁਰਵਿਵਹਾਰ ਕਰਨ ਵਾਲਿਆਂ ਖ਼ਿਲਾਫ਼ ਹੁਣ ਤੱਕ 7 ਪਰਚੇ ਦਰਚ ਕੀਤੇ
-ਪਿੰਡਾਂ ‘ਚ ਟੈਸਟਿੰਗ ਟੀਮਾਂ ਦਾ ਵਿਰੋਧ ਕਰਨ ਦੀ ਥਾਂ ਸਹਿਯੋਗ ਦੇਣ ਦੀ ਅਪੀਲ
-ਅਫ਼ਵਾਹਾਂ ਦੇ ਅਸਰ ਹੇਠ ਮੈਡੀਕਲ ਟੀਮਾਂ ਨਾਲ ਦੁਰਵਿਵਹਾਰ ਕਰਨ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ
-ਕੋਵਿਡ ਖ਼ਿਲਾਫ਼ ‘ਮਿਸ਼ਨ ਫ਼ਤਿਹ’ ਨੂੰ ਜ਼ਮੀਨੀ ਪੱਧਰ ‘ਤੇ ਸਫ਼ਲ ਬਣਾਉਣ ਲਈ ਲੋਕਾਂ ਦਾ ਸਾਥ ਜਰੂਰੀ-ਐਸ.ਐਸ.ਪੀ. ਦੁੱਗਲ
ਪਟਿਆਲਾ, 2 ਸਤੰਬਰ:
ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਕੋਰੋਨਾ ਵਾਇਰਸ ਸਬੰਧੀਂ ਅਤੇ ਡਾਕਟਰਾਂ, ਆਸ਼ਾ ਵਰਕਰਾਂ ਅਤੇ ਅਜਿਹੇ ਹੋਰ ਕੋਰੋਨਾ ਯੋਧਿਆਂ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ।
ਖ਼ੁਦ 13 ਅਗਸਤ ਨੂੰ ਕੋਰੋਨਾ ਪਾਜਿਟਿਵ ਹੋਣ ਮਗਰੋਂ ਕੋਵਿਡ ‘ਤੇ ਜਿੱਤ ਪ੍ਰਾਪਤ ਕਰਨ ਬਾਅਦ ਆਪਣੇ ਦਫ਼ਤਰ ਪੁੱਜੇ ਐਸ.ਐਸ.ਪੀ. ਸ੍ਰੀ ਦੁੱਗਲ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਪਟਿਆਲਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਮਿਸ਼ਨ ਫ਼ਤਿਹ ਤਹਿਤ ਕੋਵਿਡ ਵਿਰੁੱਧ ਅਲੱਗ-ਅਲੱਗ ਉਪਰਾਲੇ ਕਰਦਿਆਂ ਜੰਗੀ ਪੱਧਰ ‘ਤੇ ਜੰਗੀ ਪੱਧਰ ‘ਤੇ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰੰਤੂ ਪਿਛਲੇ ਕੁਝ ਦਿਨਾਂ ਇਸ ਮੁਹਿੰਮ ਖ਼ਿਲਾਫ਼ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁੰਮਰਾਹਕੁੰਨ ਪ੍ਰਚਾਰ ਕਰਦਿਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।

ਸ੍ਰੀ ਦੁੱਗਲ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ, ਇੰਸਟਾਗ੍ਰਾਮ, ਫੇਸਬੁੱਕ, ਵਟਸਐਪ ਆਦਿ ‘ਤੇ ਅਫ਼ਵਾਹਾਂ ਫੈਲਾ ਕੇ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਵਿਰੁੱਧ ਲੋਕ ਮਨਾਂ ‘ਚ ਪੈਦਾ ਕੀਤਾ ਜਾ ਰਿਹਾ ਭਰਮ ਭੁਲੇਖਾ ਗ਼ੈਰਕਾਨੂੰਨੀ ਅਤੇ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਵਿਰੁੱਧ ਡਿਜ਼ਾਸਟਰ ਮੈਨੈਜਮੈਂਟ ਐਕਟ, ਐਪੀਡੈਮਿਕ ਡਿਜ਼ੀਜ ਐਕਟ ਦੀਆਂ ਵੱਖ-ਵੱਖ ਧਾਰਾਵਾਂ ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਐਸ.ਐਸ.ਪੀ. ਨੇ ਦੱਸਿਆ ਕਿ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਖ਼ਿਲਾਫ਼ ਪਟਿਆਲਾ ਪੁਲਿਸ ਨੇ ਹੁਣ ਤੱਕ 7 ਮਾਮਲੇ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸ੍ਰੀ ਦੁੱਗਲ ਨੇ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ਦੀਆਂ ਕਲੋਨੀਆਂ ‘ਚ ਸਰਕਾਰੀ ਵਿਭਾਗਾਂ, ਡਾਕਟਰਾਂ, ਸਿਹਤ ਵਿਭਾਗ ਦੀਆਂ ਟੀਮਾਂ ਤੇ ਪੁਲਿਸ ਕਰਮਚਾਰੀਆਂ ਵੱਲੋਂ ਕੋਵਿਡ ਦੀ ਟੈਸਟਿੰਗ ਤੇ ਮਾਈਕਰੋ ਕੰਟੇਨਮੈਂਟ ਜੋਨਾਂ ‘ਚ ਆਪਣੀ ਡਿਊਟੀ ਕਰਨ ਸਮੇਂ ਕੀਤੇ ਜਾਂਦੇ ਦੌਰ ਦੌਰਾਨ ਕੁਝ ਲੋਕਾਂ ਵੱਲੋਂ ਇਨ੍ਹਾਂ ਦਾ ਵਿਰੋਧ ਕੀਤਾ ਜਾਣਾ ਸਹੀ ਨਹੀਂ ਹੈ। ਇਸ ਲਈ ਜਿਹੜੇ ਸ਼ਰਾਰਤੀ ਅਨਸਰਾਂ ਵੱਲੋਂ ਸਰਕਾਰੀ ਕਰਮਾਚਾਰੀਆਂ ‘ਤੇ ਆਪਣੀ ਕੋਵਿਡ ਡਿਊਟੀ ਕਰਨ ਦੌਰਾਨ ਹਮਲੇ ਕੀਤੇ ਜਾਂਦੇ ਹਨ, ਵਿਰੁੱਧ ਪੁਲਿਸ ਵੱਲੋਂ ਸਖ਼ਤ ਰੁਖ ਅਪਣਾ ਕੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈੈ।
ਐਸ.ਐਸ.ਪੀ. ਨੇ ਸਮਾਜ ‘ਚ ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈਣ ਵਾਲੇ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਪਟਿਆਲਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਖ਼ਿਲਾਫ਼ ਜੰਗ ਨੂੰ ਜਿੱਤਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ‘ਮਿਸ਼ਨ ਫ਼ਤਿਹ’ ਤਹਿਤ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ‘ਚ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਫ਼ਵਾਹਾਂ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਸੂਚਨਾ ਵਟਸਐਪ ਪੋਰਟਲ 96468-00112 ‘ਤੇ ਦਿੱਤੀ ਜਾ ਸਕਦੀ ਹੈ। ਇਸ ਤੋਂ ਬਿਨ੍ਹਾਂ ਕੋਵਿਡ-19 ਸਬੰਧੀਂ ਕਿਸੇ ਮੁੱਦੇ ‘ਤੇ ਕੁੱਝ ਪੁੱਛਣ ਲਈ ਹੈਲਪਲਾਈਨ ਨੰਬਰ 0175-2350550 ਅਤੇ 62843-57500 ‘ਤੇ ਕਾਲ ਕੀਤੀ ਜਾ ਸਕਦੀ ਹੈ।

Related posts

Leave a Reply