ਕੁਲਵੰਤ ਸਿੰਘ ਜਲੋਟਾ ਐੱਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਤੇ ਪ੍ਰਵੀਨ ਕਬੀਰਪੁਰ ਜ਼ਿਲ੍ਹਾ ਜਨਰਲ ਸਕੱਤਰ ਚੁਣੇ ਗਏ

ਕੁਲਵੰਤ ਸਿੰਘ ਜਲੋਟਾ ਐੱਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਤੇ ਪ੍ਰਵੀਨ ਕਬੀਰਪੁਰ ਜ਼ਿਲ੍ਹਾ ਜਨਰਲ ਸਕੱਤਰ ਚੁਣੇ ਗਏ
ਹੁਸ਼ਿਆਰਪੁਰ
ਪੰਜਾਬ ਦੇ ਐੱਸ.ਸੀ. , ਬੀ.ਸੀ. ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐੱਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਅਤੇ ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਹੋਈ। ਮੀਟਿੰਗ ਵਿੱਚ ਜਥੇਬੰਦੀ ਦੀ ਜ਼ਿਲ੍ਹਾ ਹੁਸ਼ਿਆਰਪੁਰ ਕਾਰਜਕਾਰਨੀ ਦਾ ਜ਼ਿਲ੍ਹਾ ਪ੍ਰਧਾਨ ਸਰਬਸੰਮਤੀ ਨਾਲ਼ ਜੁਝਾਰੂ ਅਧਿਆਪਕ ਆਗੂ ਕੁਲਵੰਤ ਸਿੰਘ ਜਲੋਟਾ ਨੂੰ ਅਤੇ ਜਨਰਲ ਸਕੱਤਰ ਪ੍ਰਵੀਨ ਕਬੀਰਪੁਰ ਨੂੰ ਚੁਣਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵੇਂ ਬਣੇ ਪ੍ਰਧਾਨ ਕੁਲਵੰਤ ਸਿੰਘ ਜਲੋਟਾ ਅਤੇ ਜਨਰਲ ਸਕੱਤਰ ਪ੍ਰਵੀਨ ਕਬੀਰਪੁਰ ਨੇ ਕਿਹਾ ਕਿ ਉਹ ਆਪਣੀਆਂ ਜਿੰਮੇਵਾਰੀਆਂ ਮਿਹਨਤ ਅਤੇ ਤਨਦੇਹੀ ਨਾਲ਼ ਨਿਭਾਉਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਨੁਸੂਚਿਤ ਜਾਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਸਾਲਾਂ ਤੋਂ ਰੁਕੇ ਵਜ਼ੀਫ਼ੇ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਨੂੰ ਬਿਨਾਂ ਮਤਲਬ ਹੀ ਵਿਦਿਆਰਥੀਆਂ ਦੀਆਂ ਹਾਜ਼ਰੀਆਂ ਆਨਲਾਈਨ ਕਰਨ, ਮਿੱਡ ਡੇ ਮੀਲ ਦੇ ਮੈਸੇਜ ਕਰਨ ਅਤੇ ਈ-ਪੰਜਾਬ ਉੱਤੇ ਬੇਲੋੜੀਆਂ ਜਾਣਕਾਰੀਆਂ ਭਰਨ ਦੇ ਕੰਮਾਂ ਵਿੱਚ ਲਗਾ ਕੇ ਅਧਿਆਪਕਾਂ ਨੂੰ ਵਿਦਿਆਰਥੀਆਂ ਤੋਂ ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਫ਼ਰਜ਼ੀ ਅੰਕੜੇ ਇਕੱਠੇ ਕਰਨ ਦਾ ਬੋਝ ਹਟਾ ਕੇ ਉਨ੍ਹਾਂ ਨੂੰ ਕੁਦਰਤੀ ਤਰੀਕੇ ਨਾਲ਼ ਆਜ਼ਾਦੀ ਨਾਲ਼ ਸਕੂਲਾਂ ਵਿੱਚ ਪੜ੍ਹਨ ਦਾ ਹੱਕ ਦਿੱਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਅਮਰਜੀਤ ਸਿੰਘ, ਲੈਕਚਰਾਰ ਗੁਰਜੀਤ ਸਿੰਘ, ਲੈਕਚਰਾਰ ਪਰਮਿੰਦਰ ਸਿੰਘ ਢੋਲੋਵਾਲ, ਹਰਜਿੰਦਰ ਸਿੰਘ, ਸੁਖਦੇਵ ਕਾਜਲ, ਲਖਵੀਰ ਸਿੰਘ, ਸੁਰਜੀਤ ਰਾਜਾ, ਸੰਜੀਵ ਕਲਸੀ, ਹੈੱਡਟੀਚਰ ਬਲਜੀਤ ਸਿੰਘ, ਮਨਪ੍ਰੀਤ ਸਿੰਘ ਕੱਕੋਂ, ਹਰਵਿੰਦਰ ਸਿੰਘ ਕਲਸੀ, ਜਸਵੀਰ ਸਿੰਘ ਅਤੇ ਪ੍ਰੇਮ ਸਿੰਘ ਆਦਿ ਅਧਿਆਪਕ ਵੀ ਹਾਜ਼ਿਰ ਸਨ।
ਫ਼ੋਟੋ ਕੈਪਸ਼ਨ: ਐੱਸ.ਸੀ. ਬੀ.ਸੀ. ਅਧਿਆਪਕ ਯੂਨੀਅਨ ਦੇ ਨਵੇਂ ਚੁਣੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਜਲੋਟਾ, ਜਨਰਲ ਸਕੱਤਰ ਪ੍ਰਵੀਨ ਕਬੀਰਪੁਰ ਅਤੇ ਹੋਰ।

Related posts

Leave a Reply