ਖੇਤੀ ਬਾੜੀ ਵਿਭਾਗ ਨੇ ਮੁਸਤੈਦੀ ਦਿਖਾਉਂਦੀਆਂ ਪਿੰਡ ਲਾਡਪਾਲਵਾਂ ਵਿਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਤਿਆਰੀ ਕਰ ਰਹੇ ਕਿਸਾਨ ਨੂੰ ਸਮਝਾ ਕੇ ਅੱਗ ਬੁਝਾਈ


ਪਠਾਨਕੋਟ, 6 ਨਵੰਬਰ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ  ਬਲਾਕ ਪਠਾਨਕੋਟ ਦੇ ਅਧਿਕਾਰੀਆਂ ਵਲੋਂ ਵਰਤੀ ਜਾ ਮੁਸਤੈਦੀ ਵਜੋਂ ਅੱਜ ਤੱਕ ਕੋਈ ਵੀ ਅੱਗ ਲੱਗਣ ਦਾ ਵਾਕਿਆ ਦਰਜ ਨਹੀਂ ਕੀਤਾ ਗਿਆ। ਅੱਜ ਸਰਕਲ ਕਾਨਵਾਂ ਦੇ ਇੰਚਾਰਜ ਸ੍ਰੀ ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ ਅਤੇ ਸਟਾਫ ਮੈਂਬਰਾਂ ਨੇ ਮੁਸਤੈਦੀ ਦਿਖਾਉਂਦੀਆਂ ਪਿੰਡ ਲਾਡਪਾਲਵਾਂ ਵਿਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਤਿਆਰੀ ਕਰ ਰਹੇ ਕਿਸਾਨ ਨੂੰ ਸਮਝਾ ਕੇ ਅੱਗ ਬੁਝਾ ਦਿਤੀ ਗਈ। ਇਹ ਪ੍ਰਗਟਾਵਾ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤਾ।
ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਣ ਨਾਲ ਹੋਣ ਵਾਲੇ ਨੁਕਸਾਨ ਅਤੇ ਖੇਤੀ ਵਿੱਚ ਪਰਾਲੀ ਦੀ ਸੰਭਾਲ ਬਾਰੇ ਜਾਗਰੁਕ ਕਰਨ ਲਈ ਸੋਸ਼ਲ  ਅਤੇ ਪ੍ਰਿਟ ਮੀਡੀਆ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਰਾਹੀ ਪਿਛਲੇ ਲੰਬੇ ਸਮੇਂ ਤੋਂ ਪਰਾਲੀ ਨੂੰ ਅੱਗ ਨਾਂ ਲਗਾਉਣ ਵਾਲੇ ਕੁਝ ਅਗਾਂਹਵਧੂ ਸੋਚ ਦੇ ਧਾਰਨੀ ਕਿਸਾਨਾਂ ਦੀਆਂ ਸਫਲ ਕਹਾਣੀਆਂ ਛਪਵਾਈਆਂ ਜਾ ਰਹੀਆਂ ਹਨ ਤਾਂ ਜੋ ਬਾਕੀ ਕਿਸਾਨ ਪ੍ਰੇਰਣਾ ਲੈ ਸਕਣ।ਉਨਾਂ ਦੱਸਿਆ ਕਿ ਬਲਾਕ ਪਠਾਨਕੋਟ ਵਿੱਚ ਕੁੱਲ 13663 ਹੈਕਟੇਅਰ ਰਕਬੇ ਵਿੱਚੋਂ 10906 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ ਸੀ ਜਿਸ ਤੋਂ ਤਕਰੀਬਨ ਸੱਤਰ ਹਜ਼ਾਰ ਟਨ ਝੋਨੇ ਦੀ ਪਰਾਲੀ ਪੈਦਾ ਹੋਈ ਹੈ।

ਉਨਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਕਰਨ ਦੀਆਂ ਵੱਖ ਵੱਖ ਤਕਨੀਕਾਂ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਪ੍ਰਦਰਸ਼ਤ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆਂ ਕਿ ਇੱਕ ਟਨ ਪਰਾਲੀ ਸਾੜਣ ਨਾਲ 400 ਕਿਲੋ ਜੈਵਿਕ ਕਾਰਬਨ,5.5 ਕਿਲੋ ਨਾਈਟ੍ਰੋਜਨ,2.3 ਕਿਲੋ ਫਾਸਫੋਰਸ,25 ਕਿਲੋ ਪੋਟਾਸ਼,1.2 ਕਿਲੋ ਸਲਫਰ ਅਤੇ ਮਿੱਟੀ ਵਿਚਲੇ ਲਘੂ ਜੀਵਾਂ ਦਾ ਬਹੁਤ ਨੁਕਸਾਨ ਹੁੰਦਾ ਹੈ।ਉਨਾਂ ਦੱਸਿਆ ਕਿ ਗੁੱਜਰ ਭਾਈਚਾਰੇ ਨਾਲ ਸੰਬੰਧਤ ਪਸ਼ੂ ਪਾਲਕਾਂ ਵੱਲੋਂ  ਵੀ ਵੱਡੀ ਪੱਧਰ ਤੇ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਦੇ ਤੌਰ ਤੇ ਸੰਭਾਲ ਲਈ ਜਾਂਦੀ ਹੈ।ਉਨਾਂ ਦੱਸਿਆ ਇਸ ਵਾਰ ਬਲਾਕ ਪਠਾਨਕੋਟ ਵਿੱਚ ਸੁਪਰ ਸੀਡਰ,ਚੌਪਰ,ਬੀਜ ਡਰਿਲਾਂ,ਉਲਟਾਵੀਆਂ ਹੱਲਾਂ ਸਬਸਿਡੀ ਤੇ ਦਿੱਤੀਆਂ ਗਈਆਂ ਹਨ ਤਾਂ ਜੋ ਕਿਸਾਨ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸੰਭਾਲ ਕੇ ਵਾਤਾਵਰਣ ਨੂੰ ਸ਼ੁਧ ਰੱਖਣ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਣ।

Related posts

Leave a Reply