BREAKING.. ਰੁੱਖ ਨਾਲ ਲਟਕਦੀ ਮਿਲੀ ਲਾਪਤਾ ਅੰਮ੍ਰਿਤਧਾਰੀ ਬੱਚੇ ਦੀ ਲਾਸ਼

ਗੁਰਦਾਸਪੁਰ, 19 ਜਨਵਰੀ (ਅਸ਼ਵਨੀ) :- ਪਿੰਡ ਜੱਗੋਚੱਕ ਟਾਂਡਾ ਦੇ ਇੱਕ 16 ਸਾਲ ਦੇ ਅੰਮ੍ਰਿਤਧਾਰੀ ਬੱਚੇ ਦੀ ਲਾਸ਼ ਭੇਦਭਰੀ ਹਾਲਤ ਵਿੱਚ ਪਿੰਡ ਦੇ ਖੇਤਾਂ ਵਿੱਚ ਇੱਕ ਰੁੱਖ ਨਾਲ ਲਟਕਦੀ ਮਿਲੀ  । ਮਨਪ੍ਰੀਤ ਸਿੰਘ ਨਾਮ ਦਾ ਇਹ ਲੜਕਾ ਬੀਤੇ ਸੋਮਵਾਰ ਤੋਂ ਲਾਪਤਾ ਸੀ । ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਦੀਨਾਨਗਰ ਦੇ ਸਰਕਾਰੀ ਸਕੂਲ ਵਿੱਚ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ  ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਵੇਰੇ ਸ਼ਾਮ ਸੇਵਾ ਲਈ ਜਾਂਦਾ ਸੀ । ਬੁੱਧਵਾਰ ਨੂੰ ਪਿੰਡ ਵਿੱਚ ਮਨਾਏ ਜਾਣ ਵਾਲੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੀਆਂ ਤਿਆਰੀਆਂ ਲਈ ਵੀ ਉਹ ਜੁਟਿਆ ਹੋਇਆ ਸੀ ਅਤੇ ਗੁਰਪੁਰਬ ਮੌਕੇ ਉਸ ਨੇ ਗਤਕੇ ਦੇ ਜੌਹਰ ਵਿਖਾਉਣੇ ਸਨ । ਉਹ ਦੇਰ ਸ਼ਾਮ ਤਕ ਗੁਰਦੁਆਰੇ ਵਿੱਚ ਹੀ ਗਤਕੇ ਪ੍ਰੈਕਟਿਸ ਕਰਦਾ ਸੀ । ਸੋਮਵਾਰ ਨੂੰ ਵੀ ਉਹ ਸ਼ਾਮ ਨੂੰ ਗੁਰਦੁਆਰੇ ਸੇਵਾ ਕਰਨ ਦੇ ਬਾਅਦ ਗਤਕੇ ਦੀ ਪ੍ਰੈਕਟਿਸ ਲਈ ਗਿਆ ਸੀ  । ਅਕਸਰ ਉਹ ਸ਼ਾਮ ਨੂੰ ਛੇ ਸੱਤ ਵਜੇ ਘਰ ਵਾਪਸ ਆ ਜਾਂਦਾ ਸੀ ਪਰ ਸੋਮਵਾਰ ਘਰ ਵਾਪਸ ਨਹੀਂ ਆਇਆ । ਪਿਤਾ ਨੇ ਦੱਸਿਆ ਕਿ ਉਨ੍ਹਾਂ ਗੁਰਦੁਆਰੇ ਦੇ ਗ੍ਰੰਥੀ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਸ਼ਾਮ ਸੱਤ ਵਜੇ ਦਾ ਚਲਾ ਗਿਆ ਹੈ । ਉਸ ਨੂੰ ਕਾਫੀ ਲੱਭਿਆ ਗਿਆ ਪਰ ਉਸਦਾ ਕੋਈ ਪਤਾ ਨਹੀਂ ਲੱਗਿਆ । ਮੰਗਲਵਾਰ ਸਵੇਰ ਅੱਠ ਵਜੇ ਦੇ ਕਰੀਬ ਪਿੰਡ ਦੇ ਇਕ ਵਿਅਕਤੀ ਨੇ ਖੇਤਾਂ ਵਿੱਚ ਰੁੱਖ ਨਾਲ ਮਨਪ੍ਰੀਤ ਦੀ ਲਾਸ਼ ਲਟਕਦੀ ਵੇਖੀ । ਲੋਕਾਂ ਦੀ ਮਦਦ ਨਾਲ ਉਸ ਨੂੰ ਹੇਠਾਂ ਉਤਾਰਿਆ ਗਿਆ ।  ਮਨਪ੍ਰੀਤ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਾ ਤਾਂ ਉਨ੍ਹਾਂ ਦਾ ਅਤੇ ਨਾ ਹੀ ਉਨ੍ਹਾਂ ਦੇ ਬੇਟੇ ਦੀ ਕਿਸੇ ਨਾਲ ਕੋਈ ਰੰਜਿਸ਼ ਹੈ ।ਮਨਪ੍ਰੀਤ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਵੀ ਨਹੀਂ ਸੀ । ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੁਦ ਪਿੰਡ ਦਾ ਚੌਕੀਦਾਰ ਹੈ ਅਤੇ ਉਸਦਾ ਵੱਡਾ ਲੜਕਾ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੰਮ ਕਰਦਾ ਹੈ । ਮਨਪ੍ਰੀਤ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕੰਮ ਕਰਨਾ ਚਾਹੁੰਦਾ ਸੀ ਅਤੇ ਰੋਜਾਨਾ ਸਵੇਰੇ ਚਾਰ ਵਜੇ ਉੱਠ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਸੀ ।  ਥਾਣਾ ਬਹਿਰਾਮਪੁਰ ਦੇ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ । 

Related posts

Leave a Reply