ਮਾਨਵਤਾ ਦੀ ਸੇਵਾ ਹੀ ਸੱਚੀ ਸੇਵਾ : ਅਪਨੀਤ ਰਿਆਤ

(ਜ਼ਰੂਰਤਮੰਦਾਂ ਨੂੰ ਕੰਬਲ ਵੰਡਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ)

ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਦੀਆਂ ਝੁੱਗੀਆਂ ’ਚ ਜ਼ਰੂਰਤਮੰਦਾਂ ਨੂੰ ਵੰਡੇ ਕੰਬਲ

ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਸਮੂਹ ਐਸ.ਡੀ.ਐਮਜ਼ ਵਲੋਂ ਵੀ ਜ਼ਰੂਰਤਮੰਦਾਂ ਨੂੰ ਵੰਡੇ ਜਾ ਰਹੇ ਹਨ ਕੰਬਲ

ਹੁਸ਼ਿਆਰਪੁਰ, 9 ਜਨਵਰੀ(ਚੌਧਰੀ) : ਮਾਨਵਤਾ ਦੀ ਸੇਵਾ ਹੀ ਸੱਚੀ ਸੇਵਾ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੀ ਸਮਰੱਥਾ ਅਨੁਸਾਰ ਜ਼ਰੂਰਤਮੰਦਾਂ ਦੀ ਸੇਵਾ ਜ਼ਰੂਰ ਕਰੀਏ।ਇਹ ਵਿਚਾਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਹੁਸ਼ਿਆਰਪੁਰ ਦੇ ਵੱਖ-ਵੱਖ ਸਥਾਨਾਂ ਵਿੱਚ ਜ਼ਰੂਰਤਮੰਦਾਂ ਨੂੰ ਕੰਬਲ ਵੰਡਦੇ ਹੋਏ ਰੱਖੇ।ਉਨ੍ਹਾਂ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਬੇਘਰ ਅਤੇ ਜ਼ਰੂਰਤਮੰਦਾਂ ਨੂੰ ਕੰਬਲ ਵੰਡਣ ਦਾ ਅਭਿਆਨ ਪੂਰੇ ਜ਼ਿਲ੍ਹੇ ਵਿੱਚ ਚੱਲ ਰਿਹਾ ਹੈ ਅਤੇ ਸਬ-ਡਵੀਜ਼ਨ ਪੱਧਰ ’ਤੇ ਐਸ.ਡੀ.ਐਮਜ਼ ਵਲੋਂ ਕੰਬਲ ਵੰਡੇ ਜਾ ਰਹੇ ਹਨ।

(ਜ਼ਰੂਰਤਮੰਦਾਂ ਨੂੰ ਕੰਬਲ ਵੰਡਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ)

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਹੁਸ਼ਿਆਰਪੁਰ ਦੇ ਪੁਰਹੀਰਾਂ ਦੇ ਨਜ਼ਦੀਕ ਝੁੱਗੀਆਂ ਅਤੇ ਲਾਜਵੰਤੀ ਆਊਟਡੋਰ ਸਟੇਡੀਅਮ ਦੇ ਸਾਹਮਣੇ ਬਣੀਆਂ ਝੁੱਗੀਆਂ ਵਿੱਚ ਜਾ ਕੇ ਬੇਘਰ ਅਤੇ ਜ਼ਰੂਰਤਮੰਦਾਂ ਨੂੰ 100 ਤੋਂ ਵੱਧ ਕੰਬਲ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਪੂਰੇ  ਜ਼ਿਲ੍ਹੇ ਵਿੱਚ ਸਲੱਮ ਇਲਾਕਿਆਂ ਵਿੱਚ ਜਾ ਕੇ ਇਹ ਕੰਬਲ ਵੰਡੇ ਜਾ ਰਹੇ ਹਨ ਤਾਂ ਜੋ ਸਰਦੀਆਂ ਦੇ ਇਸ ਮੌਸਮ ਵਿੱਚ ਜ਼ਰੂਰਤਮੰਦਾਂ ਨੂੰ ਠੰਡ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਇਹ ਪ੍ਰਕ੍ਰਿਆ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਰਾਹੀਂ ਵੀ ਪ੍ਰਸ਼ਾਸਨ ਜ਼ਰੂਰਤਮੰਦਾਂ ਦੀ ਹਰ ਸੰਭਵ ਮਦਦ ਕਰਦਾ ਆ ਰਿਹਾ ਹੈ। ਇਸ ਮੌਕੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ, ਡੀ.ਡੀ.ਐਫ. ਪੀਊਸ਼ ਗੋਇਲ ਅਤੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਾ ਸਟਾਫ਼ ਵੀ ਮੌਜੂਦ ਸੀ।
 

Related posts

Leave a Reply