ਨੌਜਵਾਨਾਂ ਨੂੰ ਮੁਫ਼ਤ ਸਮਾਰਟ ਫੋਨ ਵੰਡ ਕੇ ਰਾਜ ਸਰਕਾਰ ਨੇ ਆਪਣਾ ਵਾਅਦਾ ਨਿਭਾਇਆ : ਤ੍ਰਿਪਤ ਬਾਜਵਾ

ਕੈਬਨਿਟ ਮੰਤਰੀ ਬਾਜਵਾ ਨੇ ਧਰਮਪੁਰਾ ਕਲੋਨੀ ਸਕੂਲ ਵਿੱਚ ਵਿਦਿਆਰਥਣਾਂ ਨੂੰ ਮੁਫ਼ਤ ਮੋਬਾਇਲ ਫੋਨ ਵੰਡੇ


ਬਟਾਲਾ, 26 ਸਤੰਬਰ (ਅਵਿਨਾਸ਼ ਸ਼ਰਮਾ/ ਸੰਜੀਵ ਨਈਅਰ  ) – ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਮੁਫ਼ਤ ਮੋਬਾਇਲ ਦੇ ਕੇ ਆਪਣਾ ਚੋਣ ਵਾਅਦਾ ਨਿਭਾਇਆ ਹੈ ਅਤੇ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਇਹ ਸਮਾਰਟ ਮੋਬਾਇਲ ਫੋਨ ਨੌਜਵਾਨ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵਰਦਾਨ ਸਾਬਤ ਹੋ ਰਹੇ ਹਨ। ਇਹ ਪ੍ਰਗਟਾਵਾ ਸੂਬੇ ਦੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਧਰਮਪੁਰਾ ਕਲੋਨੀ ਬਟਾਲਾ ਵਿਖੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਮਾਰਟ ਮੋਬਾਇਲ ਫੋਨ ਵੰਡਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਸਨ ਅਤੇ ਅਜਿਹੇ ਮੌਕੇ ਪੰਜਾਬ ਸਰਕਾਰ ਦੇ ਇਹ ਮੋਬਾਇਲ ਫੋਨ ਵਿਦਿਆਰਥੀਆਂ ਦੀ ਆਨ-ਲਾਈਨ ਪੜ੍ਹਾਈ ਵਿੱਚ ਬਹੁਤ ਸਹਾਈ ਸਾਬਤ ਹੋ ਰਹੇ ਹਨ।

ਸ. ਬਾਜਵਾ ਨੇ ਕਿਹਾ ਕਿ ਅਜੋਕਾ ਸਮਾਂ ਸੂਚਨਾ ਤਕਨੌਲੋਜੀ ਦਾ ਸਮਾਂ ਹੈ ਅਤੇ ਬਾਕੀ ਦੁਨੀਆਂ ਦਾ ਮੁਕਾਬਲਾ ਕਰਨ ਲਈ ਹਰ ਕਿਸੇ ਨੂੰ ਸਮੇਂ ਦਾ ਹਾਣੀ ਬਣਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਹ ਸਮਾਰਟ ਮੋਬਾਇਲ ਫੋਨ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਕਰਨ ਵਿੱਚ ਸਹਾਈ ਹੋਣਗੇ। ਇਸ ਮੌਕੇ ਸ. ਬਾਜਵਾ ਨੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਧਰਮਪੁਰਾ ਕਲੋਨੀ ਬਟਾਲਾ ਦੀਆਂ 12ਵੀਂ ਜਮਾਤ ਦੀਆਂ 386 ਵਿਦਿਆਰਥਣਾਂ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਬਟਾਲਾ ਦੇ 340 ਵਿਦਿਆਰਥੀਆਂ ਨੂੰ ਮੋਬਾਇਲ ਫੋਨ ਤਕਸੀਮ ਕੀਤੇ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ. ਬਾਜਵਾ ਨੇ ਧਰਮਪੁਰਾ ਸਕੂਲ ਵਿੱਚ 45 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮਾਤਾ ਸੁਲੱਖਣੀ ਬਲਾਕ ਦਾ ਨੀਂਹ ਪੱਥਰ ਰੱਖਿਆ ਅਤੇ ਸਕੂਲ ਦੇ ਨਵੇਂ ਬਣੇ ਮੁੱਖ ਦੁਆਰ ਦਾ ਉਦਘਾਟਨ ਵੀ ਕੀਤਾ।

ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਧਰਮਪੁਰਾ ਦੇ ਸਕੂਲ ਦੀ ਸ਼ਲਾਘਾ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਇਸ ਸਕੂਲ ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਪੱਖੋਂ ਨਿੱਜੀ ਸਕੂਲਾਂ ਨੂੰ ਵੀ ਪਛਾੜ ਦਿੱਤਾ ਹੈ। ਉਨ੍ਹਾਂ ਕਿਹਾ ਬਟਾਲਾ ਦਾ ਇਹ ਸਕੂਲ ਸਰਕਾਰੀ ਸਕੂਲਾਂ ਦਾ ਮਾਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਸਕੂਲ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਸ. ਹਰਦੀਪ ਸਿੰਘ, ਪ੍ਰਿੰਸੀਪਲ ਬਲਵਿੰਦਰ ਕੌਰ, ਪਾਵਰਕਾਮ ਦੇ ਐੱਸ.ਈ. ਸ੍ਰੀ ਰਮੇਸ਼ ਸਾਰੰਗਲ, ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ, ਐੱਸ.ਪੀ. ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ ਤੇਜਾ, ਪੀ.ਟੀ.ਏ. ਕਮੇਟੀ ਪ੍ਰਧਾਨ ਮੈਡਮ ਪਿੰਕੀ, ਪ੍ਰਿੰਸੀਪਲ ਅਨਿਲ ਸ਼ਰਮਾਂ, ਸਿੰਕਦਰ ਸਿੰਘ, ਰਾਜਾ ਗੁਰਬਖਸ਼ ਸਿੰਘ ਸਮੇਤ ਸਕੂਲ ਦਾ ਸਟਾਫ਼ ਵੀ ਹਾਜ਼ਰ ਸੀ।

Related posts

Leave a Reply