ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਿਰ ਉੱਤੇ ਮੰਡਰਾ ਰਿਹਾ ਹੈ ਕੋਰੋਨਾ ਦਾ ਖ਼ਤਰਾ, ਮਾਪਿਆਂ ਦੇ ਸਾਹ ਸੂਤੇ
ਮਾਸੂਮ ਬੱਚਿਆਂ ਦੀ ਸੁਰੱਖਿਆ ਦਾ ਭਾਰ ਅਧਿਆਪਕਾਂ ਦੇ ਮੋਢਿਆਂ ਉੱਤੇ ਪਾ ਕੇ ਸਰਕਾਰ ਆਪਣਾ ਪੱਲਾ ਨਾ ਝਾੜੇ- ਦਿਵੇਦੀ
ਹੁਸ਼ਿਆਰਪੁਰ (ਆਦੇਸ਼ ) ਪੰਜਾਬ ਅੰਦਰ ਕੋਰੋਨਾ ਮੁੜ ਤੋਂ ਪੈਰ ਪਸਾਰ ਰਿਹਾ ਹੈ ਅਤੇ ਇਸ ਵਾਰ ਇਸਦਾ ਪਹਿਲਾ ਸ਼ਿਕਾਰ ਬਣ ਰਹੇ ਹਨ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਦੇ ਮਾਸੂਮ ਬੱਚੇ ਅਤੇ ਅਧਿਆਪਕ। ਪਿਛਲੇ ਕਈ ਦਿਨਾਂ ਤੋਂ ਨਵਾਂਸ਼ਹਿਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਬਠਿੰਡਾ ਜ਼ਿਲ੍ਹੇ ਸਮੇਤ ਸੂਬੇ ਦੇ ਕਈ ਹਿੱਸਿਆਂ ਦੇ ਸਕੂਲਾਂ ਵਿੱਚੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਕੋਰੋਨਾ ਪੋਜ਼ਿਟਿਵ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ ਅਤੇ ਹੁਣ ਤੱਕ ਇੱਕ ਸਕੂਲ ਅਧਿਆਪਕਾ ਦੀ ਕੋਰੋਨਾ ਨਾਲ਼ ਮੌਤ ਵੀ ਹੋ ਚੁੱਕੀ ਹੈ।
ਸਰਕਾਰ ਬੱਚਿਆਂ ਦੀਆਂ ਜਾਨਾਂ ਦੀ ਸੁਰੱਖਿਆ ਪ੍ਰਤੀ ਜ਼ਰਾ ਵੀ ਗੰਭੀਰ ਨਹੀਂ ਲੱਗ ਰਹੀ ਕਿਉਂਕਿ ਕੋਰੋਨਾ ਦੇ ਪਸਾਰ ਵਾਲ਼ੇ ਸਕੂਲਾਂ ਨੂੰ ਵੀ ਖੋਲ੍ਹ ਕੇ ਉਨ੍ਹਾਂ ਵਿੱਚ ਵੀ ਮਿਸ਼ਨ-ਸ਼ਤ-ਪ੍ਰਤੀਸ਼ਤ ਦੇ ਨਾਂ ਉੱਤੇ ਪ੍ਰੀਖਿਆਵਾਂ ਬਾ-ਦਸਤੂਰ ਕਰਵਾਈਆਂ ਜਾ ਰਹੀਆਂ ਹਨ ਅਤੇ ਕੋਰੋਨਾ ਦੀ ਲਾਗ ਫੈਲਾਈ ਜਾ ਰਹੀ ਹੈ। ਪਰ ਪੰਜਾਬ ਸਰਕਾਰ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਵਿੱਚ ਲਗਦੀ ਹੈ। ਕਿਉਂਕਿ ਜਨਵਰੀ ਮਹੀਨੇ ਤੋਂ ਸਕੂਲ ਖੁੱਲਣ ਤੋਂ ਬਾਅਦ ਤੋਂ ਹੀ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਬੇਲੋੜੇ ਪੇਪਰਾਂ ਵਿੱਚ ਉਲਝਾ ਰੱਖਿਆ ਹੈ ਅਤੇ ਅਧਿਆਪਕਾਂ ਨੂੰ ਪਹਿਲਾਂ ਵਿਦਿਆਰਥੀਆਂ ਦੀ ਹਾਜ਼ਰੀ ਹਾਜ਼ਰੀ ਰਜਿਸਟਰਾਂ ਉੱਤੇ ਲਗਾ ਕੇ ਫ਼ਿਰ ਉਸਨੂੰ ਈ-ਪੰਜਾਬ ਉੱਤੇ ਆਨਲਾਈਨ ਲਗਾਉਣ ਫ਼ਿਰ ਮਿਡ ਡੇ ਮੀਲ ਦੀ ਐੱਪ ਉੱਤੇ ਮੈਸੇਜ ਕਰਨ, ਈ-ਪੰਜਾਬ ਉੱਤੇ ਹੀ ਬੇਲੋੜੇ ਪੈਰਾਮੀਟਰ ਭਰਨ ਅਤੇ ਹੋਰ ਬੇਲੋੜੇ ਗ਼ੈਰ-ਵਿੱਦਿਅਕ ਕੰਮਾਂ ਵਿੱਚ ਉਲਝਾ ਕੇ ਰੱਖਿਆ ਹੈ ਅਤੇ ਹੁਣ ਇੱਕ ਪੱਤਰ ਕੱਢ ਕੇ ਸਕੂਲਾਂ ਵਿੱਚ ਬਿਨਾਂ ਉਚਿਤ ਸਾਧਨਾਂ ਤੋਂ ਕੋਰੋਨਾ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਵੀ ਅਧਿਆਪਕਾਂ ਉੱਤੇ ਪਾ ਕੇ ਪੰਜਾਬ ਸਰਕਾਰ ਨੇ ਆਪ ਪੱਲਾ ਝਾੜ ਲਿਆ ਹੈ।
ਇਸ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਸੂਬਾਈ ਅਧਿਆਪਕ ਆਗੂਆਂ ਅਜੀਬ ਦਿਵੇਦੀ, ਇੰਦਰ ਸੁਖਦੀਪ ਸਿੰਘ ਓਢਰਾ, ਰਮੇਸ਼ ਹੁਸ਼ਿਆਰਪੁਰੀ, ਗੁਰਜਿੰਦਰ ਸਿੰਘ ਮੰਝਪੁਰ, ਬਲਜੀਤ ਸਿੰਘ ਮਹਿਮੋਵਾਲ, ਮਨਜੀਤ ਸਿੰਘ ਦਸੂਹਾ, ਨੰਦ ਰਾਮ ਅਤੇ ਬਲਕਾਰ ਸਿੰਘ ਪੁਰੀਕਾ ਨੇ ਕਿਹਾ ਕਿ ਪਹਿਲਾਂ ਹੀ ਸਰਕਾਰ ਨੇ ਅਧਿਆਪਕਾਂ ਨੂੰ ਇੰਨੇ ਬੇਲੋੜੇ ਕੰਮਾਂ ਵਿੱਚ ਫਸਾ ਕੇ ਅਧਿਆਪਕਾਂ ਦੀ ਲੱਤ ਕਿਸੇ ਪਾਸੇ ਅਤੇ ਬਾਂਹ ਕਿਸੇ ਹੋਰ ਪਾਸੇ ਖਿੱਚਣ ਦਾ ਕੰਮ ਕੀਤਾ ਹੋਇਆ ਹੈ ਅਤੇ ਹੁਣ ਕੋਰੋਨਾ ਕੰਟਰੋਲ ਕਰਨ ਦੀ ਜਿੰਮੇਵਾਰੀ ਵੀ ਅਧਿਆਪਕਾਂ ਦੇ ਮੋਢਿਆਂ ਉੱਤੇ ਸੁੱਟ ਕੇ ਸਰਕਾਰ ਨੇ ਆਪ ਪੱਲਾ ਝਾੜ ਲਿਆ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਕੁੱਲ੍ਹ 14 ਜਮਾਤਾਂ ਦੇ ਵਿਦਿਆਰਥੀਆਂ ਵਿੱਚ ਅਧਿਆਪਕ ਕਿਵੇਂ ਸਮਾਜਿਕ ਦੂਰੀ ਦੀ ਪਾਲਣਾ ਕਰਾਉਣ ਅਤੇ ਬਚਾਅ ਦੇ ਹੋਰ ਸਾਧਨਾਂ ਦਾ ਇੰਤਜ਼ਾਮ ਕਿੱਥੋਂ ਕਰਨ? ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸੂਬੇ ਦੇ ਸਕੂਲਾਂ ਵਿੱਚ ਪੜ੍ਹਦੇ ਮਾਸੂਮ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਜਾਨਾਂ ਖ਼ਤਰੇ ਵਿੱਚ ਨਾ ਪਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਉਚਿੱਤ ਕਦਮ ਚੁੱਕੇ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp