ਪੌਣੇ 2 ਸਾਲਾਂ ਤੋਂ ਸਰਕਾਰੀ ਸ਼ਗਨ ਨੂੰ ਉਡੀਕ ਰਹੀਆਂ ਨੇ ਗਰੀਬਾਂ ਦੀਆਂ ਹਜ਼ਾਰਾਂ ਧੀਆਂ : ਬੱਬੂ,ਸਤਨਾਮ


ਬੋਲੇ – 51 ਹਜ਼ਾਰ ਰੁਪਏ ਸ਼ਗਨ ਦੇ ਵਾਅਦੇ ਤੋਂ ਮੁਕਰੀ, 21 ਹਜ਼ਾਰ ਰੁਪਏ ਵੀ ਨਹੀਂ ਦੇ ਰਹੀ ਕੈਪਟਨ ਸਰਕਾਰ

ਆਪ’ ਦੀ ਗੁਰਦਾਸਪੁਰ ਜ਼ਿਲ੍ਹਾ ਇਕਾਈ ਵੱਲੋਂ ਚੇਤਾਵਨੀ,ਗਰੀਬ ਘਰਾਂ ਦੀ ਗਰੀਬੀ ਦਾ ਮਜ਼ਾਕ ਨਾ ਉਡਾਵੇਂ ਪੰਜਾਬ ਸਰਕਾਰ

ਬਟਾਲਾ /ਗੁਰਦਾਸਪੁਰ, 17 ਦਸੰਬਰ (ਸੰਜੀਵ ਨਈਅਰ/ ਅਵਿਨਾਸ਼)-ਆਮ ਆਦਮੀ ਪਾਰਟੀ ਨੇ ਗਰੀਬਾਂ ਅਤੇ ਦਲਿਤ ਪਰਿਵਾਰਾਂ ਨਾਲ ਸਬੰਧਿਤ ਲੜਕੀਆਂ ਦੇ ਵਿਆਹ ਮੌਕੇ ਸੂਬਾ ਸਰਕਾਰ ਵੱਲੋਂ ਦਿੱਤੀ ਜਾਂਦੀ ਸ਼ਗਨ ਸਕੀਮ ਦੇ 20 ਮਹੀਨਿਆਂ ਤੋਂ ਠੱਪ ਪਏ ਹੋਣ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਸਰਕਾਰੀ ਅਣਗਹਿਲੀ ਨੂੰ ਗਰੀਬ ਪਰਿਵਾਰਾਂ ਦੀ ਗਰੀਬੀ ਅਤੇ ਧੀਆਂ ਦਾ ਅਪਮਾਨ ਕਰਾਰ ਦਿੱਤਾ ਹੈ।
‘ਆਪ’ ਦੀ ਗੁਰਦਾਸਪੁਰ ਜ਼ਿਲ੍ਹਾ ਇਕਾਈ ਵੱਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਪਾਰਟੀ ਦੇ ਜ਼ਿਲ੍ਹਾ ਇੰਚਾਰਜ (ਸ਼ਹਿਰੀ) ਪ੍ਰੀਤਮ ਸਿੰਘ ਬੱਬੂ ਅਤੇ ਜ਼ਿਲ੍ਹਾ ਇੰਚਾਰਜ (ਦਿਹਾਤੀ) ਪ੍ਰੋ. ਸਤਨਾਮ ਸਿੰਘ ਨੇ ਦੱਸਿਆ ਕਿ ਪਿਛਲੀਂ ਅਕਾਲੀ ਸਰਕਾਰ ਵਾਂਗ ਸਰਕਾਰੀ ਸਰੋਤਾਂ ਅਤੇ ਖਜ਼ਾਨੇ ਨੂੰ ਮਾਫੀਆ ਹੱਥੋਂ ਲੁਟਾ ਰਹੀ ਕੈਪਟਨ ਸਰਕਾਰ ਕੋਲ ਗਰੀਬ ਘਰਾਂ ਦੀਆਂ ਧੀਆਂ ਨੂੰ ਵਿਆਹ ਮੌਕੇ ਸ਼ਗਨ ਤੱਕ ਦੇਣ ਲਈ ਪੈਸੇ ਨਹੀਂ ਹਨ। ਅਜਿਹੀ ਨਿਕੰਮੀ ਅਤੇ ਅਸੰਵੇਦਨਸ਼ੀਲ ਸਰਕਾਰ ਨੂੰ ਸੱਤਾ ‘ਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਅਜਿਹੀ ਨਲਾਇਕੀ ਗਰੀਬ-ਲੋੜਵੰਦਾਂ ਦੀ ਗਰੀਬੀ ਦਾ ਮਜ਼ਾਕ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਕਿ ਸ਼ਗਨ ਯੋਜਨਾ ਦੀਆਂ ਹੱਕਦਾਰ ਧੀਆਂ ਸਹੁਰੇ ਘਰ ਜਾ ਕੇ ਖੁਦ ਧੀਆਂ ਪੁੱਤਰਾਂ ਵਾਲੀਆਂ ਹੋ ਗਈਆਂ ਹਨ, ਪ੍ਰੰਤੂ ਉਨ੍ਹਾਂ ਨੂੰ ਆਪਣੇ ਵਿਆਹ ਮੌਕੇ ਮਿਲਣ ਵਾਲਾ ਸਰਕਾਰੀ ਸ਼ਗਨ ਅਜੇ ਤੱਕ ਨਸੀਬ ਨਹੀਂ ਹੋਇਆ।
‘ਆਪ’ ਆਗੂਆਂ ਨੇ ਕਿਹਾ ਕਿ 2017 ਦੀਆਂ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਸ਼ਗਨ ਸਕੀਮ ‘ਚ ਵਾਧਾ ਕਰਕੇ ਇਸ ਨੂੰ 51 ਹਜ਼ਾਰ ਰੁਪਏ ਕਰਨ ਦਾ ਲਿਖਤੀ ਵਾਅਦਾ ਕੀਤਾ ਸੀ। ਪ੍ਰੰਤੂ 51 ਹਜ਼ਾਰ ਰੁਪਏ ਦੇਣ ਤੋਂ ਮੁਕਰੀ ਕੈਪਟਨ ਸਰਕਾਰ 20 ਮਹੀਨਿਆਂ ਤੋਂ 21 ਹਜ਼ਾਰ ਰੁਪਏ ਦਾ ਸ਼ਗਨ ਦੇਣ ਤੋਂ ਵੀ ਭੱਜ ਗਈ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਕ ਮਹੀਨੇ ਦੇ ਅੰਦਰ-ਅੰਦਰ ਗੁਰਦਾਸਪੁਰ ਜ਼ਿਲ੍ਹੇ ਸਮੇਤ ਸਾਰੇ ਪੰਜਾਬ ਦੀਆਂ ਯੋਗ ਅਤੇ ਲੋੜਵੰਦ ਧੀਆਂ ਦੀ ਰੋਕੀ ਹੋਈ ਸ਼ਗਨ ਰਾਸ਼ੀ ਜਾਰੀ ਨਾ ਕੀਤੀ ਤਾਂ ਆਮ ਆਦਮੀ ਪਾਰਟੀ ਇਸ ਮੁੱਦੇ ‘ਤੇ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗਲ ਵਜਾ ਦੇਵੇਗੀ, ਜਿਸ ਦੀ ਸ਼ੁਰੂਆਤ ਗੁਰਦਾਸਪੁਰ ਜ਼ਿਲ੍ਹਾ ਹੈੱਡਕੁਆਟਰ ਘੇਰ ਕੇ ਕੀਤੀ ਜਾਵੇਗੀ।

Related posts

Leave a Reply