UPDATED: ਡਿਪਟੀ ਕਮਿਸ਼ਨਰ ਨੇ ਪਰਿਵਾਰ ਸਮੇਤ ਸਿਵਲ ਹਸਪਤਾਲ ’ਚ ਲਗਵਾਈ ਕੋਵਿਡ ਵੈਕਸੀਨ ਦੀ ਪਹਿਲੀ ਡੋਜ

1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਵਰਗ ਦਾ ਕੋਈ ਵੀ ਵਿਅਕਤੀ ਕੋਵਿਡ ਬਚਾਅ ਸਬੰਧੀ ਲਗਵਾ ਸਕਦਾ ਹੈ ਵੈਕਸੀਨੇਸ਼ਨ : ਅਪਨੀਤ ਰਿਆਤ
ਡਿਪਟੀ ਕਮਿਸ਼ਨਰ ਨੇ ਪਰਿਵਾਰ ਸਮੇਤ ਸਿਵਲ ਹਸਪਤਾਲ ’ਚ ਲਗਵਾਈ ਕੋਵਿਡ ਵੈਕਸੀਨ ਦੀ ਪਹਿਲੀ ਡੋਜ
ਜ਼ਿਲ੍ਹੇ ’ਚ ਹੁਣ ਤੱਕ 73827 ਲਾਭਪਾਤਰੀਆਂ ਨੂੰ ਲਗਾਈ ਗਈ ਡੋਜ਼
ਲਾਭਪਾਤਰੀਆਂ ਨੂੰ ਟੀਕਾਕਰਨ ਲਈ ਅੱਗੇ ਆਉਣ ਦੀ ਕੀਤੀ ਅਪੀਲ
ਹੁਸ਼ਿਆਰਪੁਰ, 28 ਮਾਰਚ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਯੋਗ ਲਾਭਪਾਤਰੀਆਂ ਨੂੰ ਆਪਣੇ ਨਜ਼ਦੀਕੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਕੋਵਿਡ ਟੀਕਾਕਰਨ ਕਰਵਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਵਰਗ ਦਾ ਕੋਈ ਵੀ ਵਿਅਕਤੀ ਟੀਕਾਕਰਨ ਕਰਵਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਅੱਜ ਸਥਾਨਕ ਸਿਵਲ ਹਸਪਤਾਲ ਵਿੱਚ ਪਰਿਵਾਰ ਸਮੇਤ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਂਦੇ ਹੋਏ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਨ ਲਈ ਅੱਗੇ ਆਉਣ ਜੋ ਕਿ ਮੌਜੂਦਾ ਸਮੇਂ ਲਈ ਬਹੁਤ ਜ਼ਰੂਰੀ ਹੈ।
ਲੋਕਾਂ ਨੂੰ ਬੇਝਿਜਕ ਟੀਕਾਕਰਨ ਨੂੰ ਅਪਨਾਉਣ ਦੀ ਅਪੀਲ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਿਗਿਆਨਕਾਂ ਨੇ ਇਸ ਵੈਕਸੀਨ ਨੂੰ ਵਿਕਸਿਤ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਹੈ ਅਤੇ ਦੇਸ਼ ਪ੍ਰਤੀ ਸਮਾਜਿਕ ਜ਼ਿੰਮੇਦਾਰੀ ਮੰਨਦੇ ਹੋਏ ਸਾਨੂੰ ਮਹਾਮਾਰੀ ਤੋਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਜਲਦ ਹੀ ਵੈਕਸੀਨ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਯਤਨਾਂ ਨਾਲ ਅਸੀਂ ਕੋਵਿਡ-19 ਨੂੰ ਪੂਰੀ ਤਰ੍ਹਾਂ ਖਤਮ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਇਕ ਬਹੁਤ ਹੀ ਸਰਲ ਤੇ ਸੁਰੱਖਿਅਤ ਪ੍ਰਕ੍ਰਿਆ ਹੈ।
ਜ਼ਿਲ੍ਹੇ ਵਿੱਚ ਚੱਲ ਰਹੇ ਟੀਕਾਕਰਨ ਸਬੰਧੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਵੱਖ-ਵੱਖ ਸਥਾਨਾਂ ’ਤੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ 60 ਤੋਂ ਵੱਧ ਸੈਸ਼ਨ ਸਾਈਟਾਂ ’ਤੇ ਟੀਕਾਕਰਨ ਕੀਤਾ ਜਾ ਰਿਹਾ ਹੈ ਜਦਕਿ ਜ਼ਿਲ੍ਹੇ ਵਿੱਚ 18 ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਵਿੱਚ ਕੋਵਿਡ ਵੈਕਸੀਨ ਦੀ 73827 ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ 8147 ਹੈਲਥ ਕੇਅਰ ਵਰਕਰਾਂ ਨੂੰ ਪਹਿਲੀ ਅਤੇ 3570 ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ। ਇਸੇ ਤਰ੍ਹਾਂ 9861 ਫਰੰਟ ਲਾਈਨ ਵਰਕਰਾਂ ਨੂੰ ਪਹਿਲੀ ਅਤੇ 3505 ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ ਜਦਕਿ 60 ਸਾਲ ਜਾਂ ਇਸ ਤੋਂ ਵੱਧ ਉਮਰ ਅਤੇ 45 ਤੋਂ 59 ਸਾਲ ਦੇ ਵੱਖ-ਵੱਖ ਬੀਮਾਰੀਆਂ ਤੋਂ ਗ੍ਰਸਤ ਕੁੱਲ 48744 ਵਿਅਕਤੀਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਐਤਵਾਰ ਨੂੰ 2059 ਡੋਜ਼ਾਂ ਲਗਾਈਆਂ ਗਈਆਂ ਹਨ।

Related posts

Leave a Reply