ਐਸਐਸਪੀ ਅਲਕਾ ਮੀਨਾ ਦੇ ਨਿਰਦੇਸ਼ਾਂ ਤੇ ਪੁਲਿਸ ਵੱਲੋਂ ਬਗੈਰ ਮਾਸਕ ਘੁੰਮ ਰਹੇ ਅਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵੱਡੀ ਕਾਰਵਾਈ

ਪੁਲਿਸ ਵੱਲੋਂ ਕਰਫਿਊ ਅਤੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ

ਪੰਜ ਖਿਲਾਫ਼ ਮੁਕੱਦਮੇ ਦਰਜ ਅਤੇ 189 ਚਲਾਨ ਕੱਟੇ 

 
ਨਵਾਂਸ਼ਹਿਰ, 18 ਮਾਰਚ :(ਜੋਸ਼ੀ)
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਆਦੇਸ਼ਾਂ ਅਨੁਸਾਰ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਲਗਾਏ ਗਏ ਰਾਤ ਦੇ ਕਰਫਿਊ ਸਬੰਧੀ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲੇ ਵਿਚ ਵੱਖ-ਵੱਖ ਵਿਅਕਤੀਆਂ ਖਿਲਾਫ਼ 5 ਮੁਕੱਦਮੇ ਦਰਜ ਕੀਤੇ ਗਏ ਹਨ।
 
ਇਹ ਜਾਣਕਾਰੀ ਦਿੰਦਿਆਂ ਐਸ. ਪੀ ਹੈੱਡਕੁਆਰਟਰ ਮਨਵਿੰਦਰ ਬੀਰ ਸਿੰਘ ਨੇ ਦੱਸਿਆ ਕਿ ਇਹ ਮੁਕੱਦਮੇ ਥਾਣਾ ਸਿਟੀ ਬਲਾਚੌਰ, ਥਾਣਾ ਸਦਰ ਬਲਾਚੌਰ, ਥਾਣਾ ਸਿਟੀ ਬੰਗਾ, ਥਾਣਾ ਸਦਰ ਬੰਗਾ ਅਤੇ ਥਾਣਾ ਕਾਠਗੜ ਵਿਖੇ ਆਈ. ਪੀ. ਸੀ ਦੀ 1860 ਦੀ ਧਾਰਾ 188, 269, 270 ਅਤੇ ਐਪੀਡੈਮਿਕ ਡਿਸੀਜ਼ਿਜ਼ ਐਕਟ 1887 ਦੀ ਧਾਰਾ 3 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਅਧੀਨ ਦਰਜ ਕੀਤੇ ਗਏ ਹਨ।
 
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਵਿਚ ਬਗੈਰ ਮਾਸਕ ਘੁੰਮ ਰਹੇ ਵਿਅਕਤੀਆਂ ਦੇ 189 ਚਲਾਨ ਕੱਟੇ ਗਏ, ਜਿਨਾਂ ਪਾਸੋਂ ਸਰਕਾਰੀ ਨਿਯਮਾਂ ਅਨੁਸਾਰ ਮੌਕੇ ’ਤੇ 94500 ਰੁਪਏ ਦੀ ਜ਼ੁਰਮਾਨਾ ਰਾਸ਼ੀ ਵਸੂਲੀ ਗਈ। ਇਸੇ ਤਰਾਂ ਹੋਮ ਆਈਸੋਲੇਸ਼ਨ ਦੀ ਉਲੰਘਣਾ ਕਰਨ ਵਾਲੇ ਇਕ ਵਿਅਕਤੀ ਦਾ ਚਲਾਨ ਕੀਤਾ ਗਿਆ ਅਤੇ ਉਸ ਕੋਲੋਂ 2 ਹਜ਼ਾਰ ਰੁਪਏ ਦੀ ਜ਼ੁਰਮਾਨਾ ਰਾਸ਼ੀ ਵਸੂਲ ਕੀਤੀ ਗਈ। ਉਨਾਂ ਕਿਹਾ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਜ਼ਿਲੇ ਵਿਚ ਜਾਰੀ ਹੁਕਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਕੋਵਿਡ ਨਿਯਮਾਂ ਦਾ ਪੂਰੀ ਤਰਾਂ ਪਾਲਣ ਕਰਨ, ਤਾਂ ਜੋ ਜ਼ਿਲੇ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ। 

Related posts

Leave a Reply