ਕਿਸਾਨਾਂ ਵੱਲੋਂ ਜ਼ੋਰਦਾਰ ਤਰੀਕੇ ਨਾਲ ਸ਼ੁਰੂ ਕੀਤੀ ਗ੍ਰਿਫ਼ਤਾਰੀ ਮੁਹਿੰਮ ਤੋਂ ਬਾਅਦ MLA ਬਬਲੀ ਨੇ ਮੰਗੀ ਮੁਆਫੀ

ਟੋਹਾਣਾ: ਹਰਿਆਣਾ ਦੇ ਉਪ ਮੁੱਖ ਮੰਤਰੀ ਤੇ ਜੇਜੇਪੀ ਦੇ ਪ੍ਰਧਾਨ ਦੁਸ਼ਯੰਤ ਚੌਟਾਲਾ ਦੇ ਖੇਮੇ ਅੜੀਅਲ ਵਿਧਾਇਕ ਕਿਸਾਨਾਂ ਦੇ ਰੋਹ ਅੱਗੇ ਨਰਮ ਪੈ ਗਏ ਹਨ। ਟੋਹਾਣਾ ਤੋਂ ਵਿਧਾਇਕ ਦੇਵੇਂਦਰ ਬਬਲੀ ਨੇ ਕਿਸਾਨਾਂ ਖ਼ਿਲਾਫ਼ ਕੀਤੀ ਬਿਆਨਬਾਜ਼ੀ ਵਾਪਸ ਲੈ ਲਈ ਹੈ। ਬਬਲੀ ਦਾ ਇਹ ਬਿਆਨ ਕਿਸਾਨ ਨੇਤਾ ਰਾਕੇਸ਼ ਟਿਕੈਤ, ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਤੇ ਯੋਗੇਂਦਰ ਯਾਦਵ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਜ਼ੋਰਦਾਰ ਤਰੀਕੇ ਨਾਲ ਸ਼ੁਰੂ ਕੀਤੀ ਗ੍ਰਿਫ਼ਤਾਰੀ ਮੁਹਿੰਮ ਤੋਂ ਬਾਅਦ ਆਇਆ ਹੈ।

ਵਿਧਾਇਕ ਬਬਲੀ ਨੇ ਆਖਿਆ ਹੈ ਕਿ ਉਹ ਕਿਸਾਨਾਂ ਪ੍ਰਤੀ ਵਰਤੀ ਸ਼ਬਦਾਵਲੀ ‘ਤੇ ਖੇਦ ਪ੍ਰਗਟਾਉਂਦਿਆਂ ਆਪਣੇ ਸ਼ਬਦ ਵਾਪਸ ਲਏ ਹਨ। ਦਰਅਸਲ, ਪਹਿਲੀ ਜੂਨ ਨੂੰ ਕਿਸਾਨਾਂ ਨੇ ਬਬਲੀ ਦਾ ਵਿਰੋਧ ਕੀਤਾ ਸੀ ਅਤੇ ਤਕਰਾਰ ਇੰਨੀ ਵੱਧ ਗਈ ਸੀ ਕਿ ਮੌਕੇ ‘ਤੇ ਪੱਥਰਬਾਜ਼ੀ ਵੀ ਹੋ ਗਈ ਸੀ। ਇਸ ਘਟਨਾ ਵਿੱਚ ਪੁਲਿਸ ਨੇ ਇੱਕ ਕਿਸਾਨ ਖ਼ਿਲਾਫ਼ ਧਾਰਾ 307 ਤਹਿਤ ਕੇਸ ਵੀ ਦਰਜ ਕਰ ਲਿਆ ਸੀ। 

ਇਸ ਦੇ ਰੋਸ ਵਜੋਂ ਅੱਜ ਹਰਿਆਣਾ ਦੇ ਟੋਹਾਣਾ ‘ਚ ਕਿਸਾਨਾ ਆਪਣੀਆਂ ਗ੍ਰਿਫ਼ਤਾਰੀਆਂ ਦੇਣ ਪਹੁੰਚੇ ਸਨ। ਗ੍ਰਿਫ਼ਤਾਰੀਆਂ ਦੇਣ ਪਹੁੰਚੇ ਕਿਸਾਨਾਂ ਦੇ ਨਾਲ ਕਿਸਾਨ ਆਗੂ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ ਅਤੇ ਯੋਗੇਂਦਰ ਯਾਦਵ ਟੋਹਾਣਾ ਪਹੁੰਚੇ ਸਨ, ਜਿਨ੍ਹਾਂ ਕਿਹਾ ਸੀ ਕਿ ਹਰਿਆਣਾ ਪੁਲਿਸ ਸਾਨੂੰ ਗ੍ਰਿਫਤਾਰ ਕਰੇ। ਚੜੂਨੀ ਨੇ ਕਿਹਾ ਸੀ ਕਿ ਸਾਡੀ ਮੰਗ ਹੈ ਕਿ ਵਿਧਾਇਕ ਦੇਵੇਂਦਰ ਬਬਲੀ ਨੇ ਕਿਸਾਨਾਂ ਨਾਲ ਭੱਦੀ ਸ਼ਬਦਾਵਲੀ ਵਰਤੀ ਹੈ ਅਤੇ ਵਿਧਾਇਕ ਦੇ ਇਸ ਵਰਤਾਓ ਲਈ ਅਤੇ ਝੂਠਾ ਕੇਸ ਬਣਾਉਣ ਲਈ ਡਾਕਟਰ ਖ਼ਿਲਾਫ ਹਰਿਆਣਾ ਪੁਲਿਸ ਪਰਚਾ ਦਰਜ ਕਰੇ। ਨਾਲ ਹੀ ਗੁਰਨਾਮ ਸਿੰਘ ਚਢੂਨੀ ਨੇ ਮੰਗ ਕੀਤੀ ਸੀ ਕਿ ਜਿਨ੍ਹਾਂ ਕਿਸਾਨਾਂ ‘ਤੇ ਪਰਚੇ ਦਰਜ ਕੀਤੇ ਹਨ ਪੁਲਿਸ ਉਨ੍ਹਾਂ ਕਿਸਾਨਾਂ ‘ਤੇ ਦਰਜ ਕੀਤੇ ਪਰਚੇ ਰੱਦ ਕਰੇ। ਬਬਲੀ ਦੇ ਇਸ ਮੁਆਫ਼ੀਨਾਮੇ ਮਗਰੋਂ ਹਾਲੇ ਕਿਸਾਨਾ ਨੇਤਾਵਾਂ ਦਾ ਪ੍ਰਤੀਕਰਮ ਆਉਣਾ ਬਾਕੀ ਹੈ। 

Related posts

Leave a Reply