ਕੋਰੋਨਾ ਪਾਜ਼ੇਟਿਵ ਹੋਣ ‘ਤੇ ਮੁਲਾਜ਼ਮਾਂ ਨੂੰ 15 ਦਿਨਾਂ ਦੀ ਵਿਸ਼ੇਸ਼ ਸਾਧਾਰਨ ਛੁੱਟੀ SCL ਮਿਲ ਸਕੇਗੀ

ਨਵੀਂ ਦਿੱਲੀ  : ਮਾਤਾ-ਪਿਤਾ ਜਾਂ ਪਰਿਵਾਰ ਦੇ ਆਸ਼ਰਿਤ ਮੈਂਬਰ ਦੇ ਕੋਰੋਨਾ ਪਾਜ਼ੇਟਿਵ ਹੋਣ ‘ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 15 ਦਿਨਾਂ ਦੀ ਵਿਸ਼ੇਸ਼ ਸਾਧਾਰਨ ਛੁੱਟੀ SCL ਮਿਲ ਸਕੇਗੀ। ਪਰਸੋਨਲ ਮੰਤਰਾਲੇ ਨੇ ਇਸ ਸਬੰਧੀ  ਆਦੇਸ਼ ਜਾਰੀ ਕੀਤਾ ਹੈ।

ਇਸ  ਮੁਤਾਬਕ, ਪਰਿਵਾਰ ਦੇ ਮੈਂਬਰ ਜਾਂ ਮਾਪਿਆਂ ਦੇ ਹਸਪਤਾਲ ‘ਚ ਦਾਖ਼ਲ ਰਹਿਣ ਦੀ ਸਥਿਤੀ ‘ਚ ਸਰਕਾਰੀ ਮੁਲਾਜ਼ਮਾਂ ਨੂੰ 15 ਦਿਨਾਂ ਤੋਂ ਬਾਅਦ ਤੇ ਹਸਪਤਾਲ ਤੋਂ ਛੁੱਟੀ ਮਿਲਣ ਤਕ ਕਿਸੇ ਵੀ ਤਰ੍ਹਾਂ ਦੀ ਭੁਗਤਾਣ ਯੋਗ ਜਾਂ ਮਨਜ਼ੂਰਸ਼ੁਦਾ ਛੁੱਟੀ ਦਿੱਤੀ ਜਾ ਸਕਦੀ ਹੈ। ਸਰਕਾਰੀ ਮੁਲਾਜ਼ਮ ਦੇ ਕੋਰੋਨਾ ਪਾਜ਼ੇਟਿਵ ਹੋਣ ‘ਤੇ ਹੋਮ ਆਈਸੋਲੇਸ਼ਨ, ਕੁਆਰੰਟਾਈਨ ਜਾਂ ਹਸਪਤਾਲ ‘ਚ ਦਾਖ਼ਲ ਰਹਿਣ ਦੌਰਾਨ ਉਸ ਨੂੰ 20 ਦਿਨਾਂ ਦੀ ਕਮਿਊਟਿਡ/ਵਿਸ਼ੇਸ਼ ਸਾਧਾਰਨ ਛੁੱਟੀ/ਜਮ੍ਹਾਂ ਛੁੱਟੀ ਦਿੱਤੀ ਜਾਵੇਗੀ। ਕੋਰੋਨਾ ਪਾਜ਼ੇਟਿਵ ਟੈਸਟ ਹੋਣ ਦੇ 20 ਦਿਨਾਂ ਬਾਅਦ ਵੀ ਹਸਪਤਾਲ ‘ਚ ਦਾਖ਼ਲ ਰਹਿਣ ਦੀ ਸਥਿਤੀ ‘ਚ ਮੁਲਾਜ਼ਮ ਨੂੰ ਇਸ ਸਬੰਧੀ ਦਸਤਾਵੇਜ਼ੀ ਸਬੂਤ ਪੇਸ਼ ਕਰਨ ‘ਤੇ ਕਮਿਊਟਿਡ ਛੁੱਟੀ ਦਿੱਤੀ ਜਾਵੇਗੀ।

ਸਰਕਾਰੀ ਮੁਲਾਜ਼ਮ ਦੇ ਕਿਸੇ ਕੋਰੋਨਾ ਪਾਜ਼ੇਟਿਵ ਵਿਅਕਤੀ ਦੇ ਸਿੱਧੇ ਸੰਪਰਕ ‘ਚ ਆਉਣ ਤੋਂ ਬਾਅਦ ਹੋਮ ਕੁਆਰੰਟਾਈਨ ‘ਚ ਰਹਿਣ ਦੀ ਸਥਿਤੀ ‘ਚ ਉਸ ਨੂੰ ਸੱਤ ਦਿਨਾਂ ਲਈ ਡਿਊਟੀ ‘ਤੇ ਜਾਂ ਵਰਕ ਫਰਾਮ ਹੋਮ ਮੰਨਿਆ ਜਾਵੇਗਾ। ਇਸੇ ਤਰ੍ਹਾਂ ਕੰਟੇਨਮੈਂਟ ਜ਼ੋਨ ਰਹਿਣ ਵਾਲੇ ਮੁਲਾਜ਼ਮ ਨੂੰ ਡਿਊਟੀ ‘ਤੇ ਜਾਂ ਵਰਕ ਫਰਾਮ ਹੋਮ ਮੰਨਿਆ ਜਾਵੇਗਾ ਜਦੋਂ ਤਕ ਕਿ ਕੰਟੇਨਮੈਂਟ ਜ਼ੋਨ ਖੁੱਲ੍ਹ ਨਹੀਂ ਜਾਂਦੀ। ਇਹ ਹੁਕਮ 25 ਮਾਰਚ, 2020 ਤੋਂ ਅਗਲੇ ਹੁਕਮਾਂ ਤਕ ਲਾਗੂ ਰਹਿਣਗੇ।

Related posts

Leave a Reply