ਕੋਰੋਨਾ ਵਾਇਰਸ ਦੀ ਜੰਗ ਵਿੱਚ ਨਾਇਕਾ ਵਜੋਂ ਉੱਭਰੀ ਬਟਾਲਾ ਦੀ ਮਨਜਿੰਦਰ ਕੌਰ, 3000 ਮਾਸਕ ਬਣਾ ਕੇ ਲੋਕਾਂ ਵਿੱਚ ਵੰਡੇ April 28, 2020April 28, 2020 Adesh Parminder Singh ਕੋਰੋਨਾ ਵਾਇਰਸ ਦੀ ਜੰਗ ਵਿੱਚ ਨਾਇਕਾ ਵਜੋਂ ਉੱਭਰੀ ਬਟਾਲਾ ਦੀ ਮਨਜਿੰਦਰ ਕੌਰ, 3000 ਮਾਸਕ ਬਣਾ ਕੇ ਲੋਕਾਂ ਵਿੱਚ ਵੰਡੇਬਟਾਲਾ, 27 ਅਪ੍ਰੈਲ ( ਸੰਜੀਵ ਨੲੀਅਰ , ਅਵਿਨਾਸ਼ ) – ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਿਥੇ ਭਾਰਤ ਅਤੇ ਪੰਜਾਬ ਸਰਕਾਰਾਂ ਆਪਣੀ ਪੂਰੀ ਵਾਹ ਲਗਾ ਰਹੀਆਂ ਹਨ, ਓਥੇ ਕੋਰੋਨਾ ਦੀ ਇਸ ਜੰਗ ਵਿੱਚ ਕੁਝ ਲੋਕ ਆਪਣੇ ਪੱਧਰ ’ਤੇ ਵੱਡੀਆਂ ਸੇਵਾਵਾਂ ਨਿਭਾ ਰਹੇ ਹਨ। ਬਟਾਲਾ ਦੇ ਉਮਰਪੁਰਾ ਦੀ ਰਹਿਣ ਵਾਲੀ ਮਨਜਿੰਦਰ ਕੌਰ ਕੋਰੋਨਾ ਦੀ ਜੰਗ ਦੌਰਾਨ ਨਾਇਕਾ ਵਜੋਂ ਉੱਭਰੀ ਹੈ। ਮਨਜਿੰਦਰ ਕੌਰ ਪੇਸ਼ੇ ਵਜੋਂ ਸਰਕਾਰੀ ਆਈ.ਟੀ.ਆਈ. ਫਤਿਹਗੜ੍ਹ ਚੂੜੀਆਂ ਵਿਖੇ ਸਿਲਾਈ ਕਢਾਈ ਦੇ ਇੰਸਟਰਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਕਰਫਿਊ ਦੌਰਾਨ ਉਨ੍ਹਾਂ ਨੇ ਆਪਣੇ ਹੁਨਰ ਨੂੰ ਕੋਰੋਨਾ ਦੀ ਜੰਗ ਜਿੱਤਣ ਲਈ ਵਰਤਿਆ ਹੈ। ਮਨਜਿੰਦਰ ਕੌਰ ਵਲੋਂ ਕਰਫਿਊ ਦੌਰਾਨ ਆਪਣੇ ਘਰ ਵਿੱਚ ਕੱਪੜੇ ਦੇ ਮਾਸਕ ਤਿਆਰ ਕੀਤੇ ਜਾ ਰਹੇ ਹਨ। ਉਸ ਵਲੋਂ ਆਪਣੇ ਹੱਥੀਂ ਤਿਆਰ ਕੀਤੇ ਮਾਸਕ ਕੋਰੋਨਾ ਦੀ ਜੰਗ ਲੜ੍ਹ ਰਹੇ ਡਾਕਟਰਾਂ, ਪੈਰਾ ਮੈਡੀਕਲ ਸਟਾਫ਼, ਪੁਲਿਸ ਮੁਲਾਜ਼ਮਾਂ, ਸਰਕਾਰੀ ਦਫ਼ਤਰਾਂ ਅਤੇ ਰਾਹਗੀਰਾਂ ਨੂੰ ਮੁਫ਼ਤ ਵੰਡੇ ਜਾ ਰਹੇ ਹਨ। ਇਸ ਸੇਵਾ ਵਿੱਚ ਮਨਜਿੰਦਰ ਕੌਰ ਦੇ ਪਤੀ ਮਨਜੀਤ ਸਿੰਘ ਬੰਮਰਾਹ ਵੀ ਉਨ੍ਹਾਂ ਦੀ ਪੂਰੀ ਮਦਦ ਕਰ ਰਹੇ ਹਨ। ਮਨਜਿੰਦਰ ਕੌਰ ਨੇ ਆਪਣੀ ਆਈ.ਟੀ.ਆਈ. ਦੀਆਂ ਸਿਖਆਰਥਣਾਂ ਨੂੰ ਆਨ ਲਾਈਨ ਮਾਸਕ ਬਣਾਉਣ ਦੀ ਟ੍ਰੇਨਿੰਗ ਦਿੱਤੀ ਹੈ ਅਤੇ ਉਨ੍ਹਾਂ ਨੂੰ ਵੀ ਆਪਣੇ ਘਰਾਂ ਵਿੱਚ ਮਾਸਕ ਬਣਾ ਕੇ ਵੰਡਣ ਲਈ ਪ੍ਰੇਰਿਆ ਹੈ।ਮਨਜਿੰਦਰ ਕੌਰ ਇਸ ਸੇਵਾ ਨੂੰ ਪੂਰੀ ਜੀ-ਜਾਨ ਨਾਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਤੋਂ ਬਚਣ ਦਾ ਸਭ ਤੋਂ ਅਸਾਨ ਤਰੀਕਾ ਆਪਣੇ ਘਰ ਵਿੱਚ ਰਹਿਣਾ, ਸੋਸਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਅਤੇ ਬਾਹਰ ਜਾਣ ਸਮੇਂ ਮੂੰਹ ਉੱਪਰ ਮਾਸਕ ਲਗਾਉਣਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਕੜੀ ਨੂੰ ਤੋੜਨ ਵਿੱਚ ਮਾਸਕ ਅਹਿਮ ਭੂਮਿਕਾ ਨਿਭਾ ਸਕਦੇ ਹਨ, ਇਸ ਲਈ ਹਰ ਕਿਸੇ ਨੂੰ ਮਾਸਕ ਜਰੂਰ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਸਕ ਲਗਾਉਣ ਨਾਲ ਜਿਥੇ ਅਸੀਂ ਖੁਦ ਵਾਇਰਸ ਤੋਂ ਬਚ ਸਕਦੇ ਹਾਂ ਓਥੇ ਅਸੀਂ ਦੂਜਿਆਂ ਦਾ ਵੀ ਬਚਾਅ ਕਰ ਸਕਦੇ ਹਾਂ।ਮਨਜਿੰਦਰ ਕੌਰ ਨੇ ਦੱਸਿਆ ਕਿ ਹੁਣ ਤੱਕ ਉਸ ਵਲੋਂ 3000 ਦੇ ਕਰੀਬ ਮਾਸਕ ਬਣਾਏ ਜਾ ਚੁੱਕੇ ਹਨ ਅਤੇ ਇਨ੍ਹਾਂ ਦੀ ਵੰਡ ਪੁਲਿਸ ਜਵਾਨਾਂ, ਬੈਂਕਾਂ, ਸਰਕਾਰੀ ਦਫਤਰਾਂ, ਪੈਟਰੋਲ ਪੰਪਾਂ ਉੱਪਰ ਕੰਮ ਕਰਨ ਵਾਲਿਆਂ ਨੂੰ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਹਗੀਰਾਂ ਨੂੰ ਮਾਸਕ ਵੀ ਵੰਡੇ ਗਏ ਹਨ। ਮਨਜਿੰਦਰ ਕੌਰ ਨੇ ਕਿਹਾ ਕਿ ਉਸ ਵਲੋਂ ਬਣਾਏ ਜਾ ਰਹੇ ਮਾਸਕ ਕੱਪੜੇ ਦੇ ਹਨ ਅਤੇ ਇਨ੍ਹਾਂ ਨੂੰ ਧੋ ਕੇ ਦੁਬਾਰਾ-ਦੁਬਾਰਾ ਵੀ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਹਰ ਕਿਸੇ ਲਈ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਜਰੂਰ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਮਾਸਕ ਦੀ ਲੋੜ ਰਹੀ ਉਨ੍ਹਾਂ ਵਲੋਂ ਇਹ ਸੇਵਾ ਜਾਰੀ ਰਹੇਗੀ।ਓਧਰ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਮਨਜਿੰਦਰ ਕੌਰ ਦੇ ਇਸ ਉੱਦਮ ਦੀ ਭਰਪੂਰ ਸਰਾਹਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਔਖੇ ਸਮੇਂ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਅਜਿਹੇ ਸੁਹਿਰਦ ਯਤਨ ਕਰਨੇ ਕਾਬਲ-ਏ-ਤਰੀਫ਼ ਹਨ। ਉਨ੍ਹਾਂ ਕਿਹਾ ਕਿ ਮਨਜਿੰਦਰ ਕੌਰ ਵਲੋਂ ਆਪਣੇ ਘਰ ਵਿਚ ਮਾਸਕ ਤਿਆਰ ਕਰਕੇ ਲੋਕਾਂ ਵਿੱਚ ਮੁਫ਼ਤ ਵੰਡੇ ਜਾ ਰਹੇ ਹਨ ਜਿਸਦਾ ਸਮਾਜ ਨੂੰ ਵੱਡਾ ਲਾਭ ਮਿਲ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਨਜਿੰਦਰ ਕੌਰ ਦੀ ਇਸ ਸਮਾਜ ਸੇਵਾ ਲਈ ਧੰਨਵਾਦ ਕੀਤਾ ਹੈ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...