ਜੇਲ੍ਹ ਚੋ ਫਰਾਰ ਹੋ ਗਿਆ- ਜਸਵੀਰ ਸਿੰਘ ਗੜ੍ਹੀ

ਜੇਲ੍ਹ ਚੋ ਫਰਾਰ ਹੋ ਗਿਆ – ਜਸਵੀਰ ਸਿੰਘ ਗੜ੍ਹੀ

ਸ਼ਿੰਦੇ ਦੇ ਗਾਏ ਗੀਤਾਂ ਦੇ ਬੋਲਾਂ ਨਾਲ ਹੀ ਦਿੱਤੀ ਵਿਲੱਖਣ ਸ਼ਰਧਾਂਜਲੀ

ਹੁਸ਼ਿਆਰਪੁਰ : ਲੋਕ ਗਾਇਕ ਸ਼੍ਰੀ ਸੁਰਿੰਦਰ ਸ਼ਿੰਦਾ ਦੇ ਅਕਾਲ ਚਲਾਣੇ ਤੇ ਬਸਪਾ ਪੰਜਾਬ ਦੇ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਸ਼ਿੰਦਾ ਜੀ ਦੇ ਗਾਏ ਗੀਤ ਦੇ ਬੋਲਾਂ ਦੇ ਆਧਾਰ ਤੇ ਸ਼ਰਧਾਂਜਲੀ ਭੇਟ ਕੀਤੀ। ਓਹਨਾ ਲਿਖਿਆ ਕਿ ਪੰਜਾਬੀ ਲੋਕ ਗਾਇਕੀ ਤੇ ਕਲੀਆਂ ਦੇ ਥੰਮ੍ਹ ਅੱਜ ਮੌਤ ਦੇ ਦਰਵਾਜੇ ਲੰਘਣ ਵਾਗਰਾਂ “ਜਰਾ ਬਚਕੇ ਮੋੜ ਤੋਂ ਲੰਘ ਨਾ ਸਕੇ”। “ਜੱਗਾ ਜੱਟ ਨਹੀਂ ਕਿਸੇ ਬਣ ਜਾਣਾ” ਵਾਲਾ ਲੋਕ ਗਾਇਕ ਆਪਣੀ “ਰਾਣੀ ਇੱਛਰਾਂ” ਮਾਂ ਦਾ ਪੂਰਨ ਭਗਤ ਵਰਗਾ ਸ਼ਿੰਦਾ ਪੁੱਤ ਸਤਿਕਾਰਯੋਗ ਸੁਰਿੰਦਰ ਸ਼ਿੰਦਾ ਅੱਜ ਜਿੰਦਗੀ ਦੀ “ਜੇਲ੍ਹ ਚੋ ਫਰਾਰ ਹੋ ਗਿਆ” ਜਿਵੇਂ “ਲੂਣਾ” ਦੇ ਮਹਿਲਾਂ ਚੋ ਪੂਰਨ ਭਗਤ। ਸਿਆਲਾਂ ਦੀ “ਹੀਰ ਦੀ ਕਲੀ” ਦੇ ਗਾਏ ਅਮਰ ਗੀਤ ਵਾਲਾ “ਛੱਡਕੇ ਵੇਹੜਾ ਅੰਮੜੀ ਦਾ ਤੇ ਪਿਆਰ ਭੁਲਾਕੇ ਭਾਈਆਂ ਦਾ, ਤੁਰ ਚੱਲਿਆ ਅੱਜ ਧੀਦੋ ਰਾਂਝਾ ਲੈਕੇ ਸਾਥ ਜੁਦਾਈਆਂ ਦਾ” ਬੇਗਾਨੀ ਦੁਨੀਆ ਨੂੰ ਤੁਰ ਗਿਆ ਸੁਰਿੰਦਰ ਸ਼ਿੰਦਾ।

“ਜੱਟੀ ਰਾਮ ਕੌਰ ਕੁਰਲਾਉਂਦੀ” ਵਾਂਗ ਅੱਜ ਪੰਜਾਬ ਦੇ ਸੰਗੀਤ ਪ੍ਰੇਮੀਆ ਦਾ ਆਲਾਪ ਅਸਹਿ ਹੈ। ਪੰਜਾਬੀਆਂ ਵਿੱਚ “ਐਡਾ ਜੇ ਤੂੰ ਸੂਰਮਾ ਵਿਆਹ ਲੈ ਮੰਗ ਨੂੰ” ਰਾਹੀਂ ਅਣਖ ਦਾ ਸੰਚਾਰ ਕਰਨ ਵਾਲਾ ਨਦੀ ਪ੍ਰਵਾਹ ਸੀ ਸੁਰਿੰਦਰ ਸ਼ਿੰਦਾ। “ਰੋਡਾ ਜਲਾਲੀ” ਦੇ ਦੀਦਾਰ ਵਾਸਤੇ ਜਿਵੇਂ ਬਲਖ ਬੁਖਾਰੇ ਤੋਂ ਤੁਰ ਗਿਆ, ਉਵੇਂ ਸ਼ਿੰਦਾ ਤੁਰ ਗਿਆ, ਜਿਥੋਂ ਅੱਜ ਤੱਕ ਕੋਈ ਵਾਪਸ ਨਾ ਆਇਆ। “ਸੋਹਣੀ ਦੇ ਘੜੇ” ਵਾਂਗ ਅੱਧੀ ਰਾਤ ਹੋਣੀ ਵਰਤੀ, ਮਿਲਣ ਲਈ ਮਹੀਂਵਾਲ ਨੂੰ ਜਿੰਦ ਵਾਰੀ ਕਰ ਗਿਆ ਸ਼ਿੰਦਾ। ਗੜਕਦੀ ਆਵਾਜ਼ “ਡੋਗਰਾਂ !! ਆ ਬਾਹਰ ਡੋਗਰਾਂ ਓਏ, ਆ ਗਿਆ ਤੇਰਾ ਮੌੜ ਜਵਾਈ” ਵਰਗੀ ਕਲਾਂ ਤੋਂ ਹਮੇਸ਼ਾ ਲਈ ਪੰਜਾਬੀ ਵਾਂਝੇ ਹੋ ਗਏ। ਅੱਜ ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਸ਼੍ਰੀ ਸੁਰਿੰਦਰ ਸ਼ਿੰਦਾ ਜੀ ਦੇ ਪਰਿਵਾਰ ਤੇ ਉਸਦੇ ਚਾਹੁਣ ਵਾਲਿਆ ਨਾਲ ਦੁੱਖ ਸਾਂਝਾ ਕਰਦਿਆਂ ਕੁਦਰਤ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਾਰੀਆ ਨੂੰ ਇਸ ਦੁੱਖ ਦੀ ਘੜੀ ਵਿੱਚ ਹਿੰਮਤ ਬਖਸ਼ੇ।

Related posts

Leave a Reply