ਦੁਨੀਆ ਦਾ ਕੋਈ ਵੀ ਦੁੱਧ ਮਾਂ ਦੇ ਦੁੱਧ ਦਾ ਬਦਲ ਨਹੀਂ ਹੋ ਸਕਦਾ : ਡਾ.ਬਲਵਿੰਦਰ ਕੁਮਾਰ ਸਿਵਲ ਸਰਜਨ

ਦੁਨੀਆ ਦਾ ਕੋਈ ਵੀ ਦੁੱਧ ਮਾਂ ਦੇ ਦੁੱਧ ਦਾ ਬਦਲ ਨਹੀਂ ਹੋ ਸਕਦਾ : ਸਿਵਲ ਸਰਜਨ

ਹੁਸ਼ਿਆਰਪੁਰ :  ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਜੱਚਾ ਬੱਚਾ ਵਾਰਡ ਵਿਚ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਵੱਲੋਂ “ ਮਾਂ ਦੇ ਦੁੱਧ ਦੀ ਮਹਤੱਤਾ” ਸਪਤਾਹ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ.ਸਵਾਤੀ, ਸੀਨੀਅਰ ਮੈਡੀਕਲ ਅਫਸਰ ਡਾ. ਮਨਮੋਹਨ ਸਿੰਘ,ਜਿਲ੍ਹਾ ਟੀਕਾਕਰਨ ਅਫ਼ਸਰ ਡਾ ਸੀਮਾ ਗਰਗ, ਡਿਪਟੀ ਮਾਸ ਮੀਡੀਆ ਅਫ਼ਸਰ ਡਾ. ਤ੍ਰਿਪਤਾ ਦੇਵੀ , ਜਿਲ੍ਹਾ ਬੀ.ਸੀ.ਸੀ ਅਮਨਦੀਪ ਸਿੰਘ ਅਤੇ ਨਰਸਿੰਗ ਸਟਾਫ਼ ਮੌਜੂਦ ਸੀ।

                ਛਾਤੀ ਦਾ ਦੁੱਧ ਚੁੰਘਾਉਣਾ: ਕੰਮ ਵਾਲੇ ਮਾਪਿਆਂ ਲਈ ਇਕ ਫਰਕ ਲਿਆਉਣਾ ਥੀਮ ਦੇ ਤਹਿਤ ਮਨਾਏ ਜਾ ਰਹੇ ਇਸ ਸਪਤਾਹ ਸੰਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਨੇ ਕਿਹਾ ਦੁਨੀਆਂ ਦਾ ਕੋਈ ਵੀ ਦੁੱਧ ਮਾਂ ਦੇ ਦੁੱਧ ਦਾ ਬਦਲ ਨਹੀਂ ਹੋ ਸਕਦਾ। ਮਾਂ ਦਾ ਦੁੱਧ  ਬੱਚੇ ਲਈ ਇੱਕ ਸੰਪੂਰਨ ਪੌਸ਼ਟਿਕ ਖੁਰਾਕ ਹੈ। ਜਿਸ ਵਿੱਚ ਸਰੀਰ ਲਈ ਲੋੜੀਦੇ ਸਾਰੇ ਤੱਤ ਮੌਜੂਦ ਹੁੰਦੇ ਹਨ। ਮਾਂ ਬੱਚੇ ਨੂੰ ਜਨਮ ਤੋਂ ਅੱਧੇ ਘੰਟੇ  ਬਾਅਦ ਆਪਣਾ ਦੁੱਧ ਪਿਲਾਵੇ ਅਤੇ ਸਜ਼ੇਰੀਅਨ (ਵੱਡਾ ਅਪ੍ਰੇਸ਼ਨ) ਤੋਂ ਚਾਰ ਘੰਟੇ ਬਾਅਦ ਹਰ ਹਾਲਤ ਮਾਂ ਦਾ ਦੁੱਧ ਸ਼ੁਰੂ ਕੀਤਾ ਜਾਵੇ। ਪਹਿਲੇ 06 ਮਹੀਨਿਆਂ ਤੱਕ ਸਿਰਫ ਮਾਂ ਦਾ ਦੁੱਧ ਹੀ ਪਿਲਾਣਾ ਚਾਹੀਦਾ ਹੈ। 6 ਮਹੀਨੇ ਤੋਂ ਬਾਅਦ ਦੁੱਧ ਦੇ ਨਾਲ ਓਪਰੀ ਖੁਰਾਕ ਜਿਵੇ ਕਿ ਕੇਲਾ, ਖਿਚੜੀ, ਦਹੀ ਅਤੇ ਉਬਲੇ ਆਲੂ ਆਦਿ ਨੂੰ ਸ਼ੁਰੂ ਕੀਤਾ ਜਾਵੇ।

                ਜਿਲ੍ਹਾ ਟੀਕਾਕਰਨ ਅਫ਼ਸਰ ਡਾ.ਸੀਮਾ ਗਰਗ ਨੇ ਕਿਹਾ ਕਿ ਬੋਤਲ ਨਾਲ ਬੱਚੇ ਨੂੰ ਕਦੇ ਵੀ ਦੁੱਧ ਨਹੀਂ ਪਿਲਾਉਣਾ ਚਾਹੀਦਾ ਕਿਉਂਕਿ ਇਸ ਨਾਲ ਇੰਨਫੈਨਕਸ਼ਨ ਹੋਣ ਦਾ ਖਤਰਾ ਬਣਿਆਂ ਰਹਿੰਦਾ ਹੈ। ਜਿਹੜੀਆਂ ਔਰਤਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀਆਂ ਹਨ, ਉਨ੍ਹਾਂ ਦੀ ਸਿਹਤ ਠੀਕ ਰਹਿੰਦੀ ਹੈ, ਬੱਚੇ ਦੇ ਜਨਮ ਤੋਂ ਤਿੰਨ ਸਾਲ ਤੱਕ ਗਰਭ ਨਹੀਂ ਠਹਿਰਦਾ, ਛਾਤੀ ਅਤੇ ਅੰਡੇਦਾਨੀ ਦੇ ਕੈਂਸਰ ਤੋਂ ਬਚਾਅ ਰਹਿੰਦਾ ਹੈ।

                ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਸਵਾਤੀ ਨੇ ਕਿਹਾ ਕਿ ਗੁੜਤੀ ਦੀ ਪ੍ਰਥਾ ਨੂੰ ਸਮਾਜ ਚੋਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਬੱਚੇ ਵਿੱਚ ਲਾਗ ਦਾ ਵੱਡਾ ਕਾਰਣ ਬਣਦੀ ਹੈ।ਉਨ੍ਹਾਂ ਕਿਹਾ ਕਿ ਕਿਸੇ ਵੀ ਛੂਤ ਰੋਗ ਦੇ ਵਿਅਕਤੀ ਨੂੰ ਬੱਚੇ ਕੋਲ ਨਹੀਂ ਜਾਣ ਦੇਣਾ ਚਾਹੀਦਾ ਕਿਉਂਕਿ ਛੋਟਾ ਬੱਚਾ ਛੂਤ ਰੋਗ ਤੋਂ ਬੜੀ ਜਲਦੀ ਪ੍ਰਭਾਵਿਤ ਹੁੰਦਾ ਹੈ। ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਸਭ ਤੋ ਉੱਤਮ ਆਹਾਰ ਹੈ, ਇਹ ਬੱਚੇ ਦੀਆ ਸਾਰੀਆਂ ਜ਼ਰੂਰਤਾਂ ਦੇ ਅਨੁਕੂਲ ਹੁੰਦਾ ਹੈ। ਮਾਂ ਦੇ ਦੁੱਧ ਦੀ ਮਹੱਤਤਾ ਤੋਂ ਅਣਜਾਣਤਾ ਕਾਰਨ ਭਾਰੀ ਗਿਣਤੀ ‘ਚ ਬੱਚੇ ਹਰ ਸਾਲ ਮਰ ਜਾਂਦੇ ਹਨ। ਨਵਜੰਮੇ ਬੱਚੇ ਨੂੰ ਮਾਂ ਦੇ ਦੁੱਧ ਤੋ ਇਲਾਵਾ ਪਾਣੀ ਤੱਕ ਨਹੀ ਪਿਆਉਣਾ ਚਾਹੀਦਾ ਕਿਉਂਕਿ ਮਾਂ ਦੇ ਦੁੱਧ ‘ਚ ਕਾਫੀ ਮਾਤਰਾ ‘ਚ ਪਾਣੀ ਹੁੰਦਾ ਹੈ। ਜੇ ਬੱਚਾ ਛੇ ਮਹੀਨੇ ਤਕ ਠੀਕ ਢੰਗ ਨਾਲ ਮਾਂ ਦਾ ਦੁੱਧ ਪੀਂਦਾ ਰਹੇ ਤਾ ਉਸ ਨੂੰ ਹੋਰ ਕਿਸੇ ਖੁਰਾਕ ਦੀ ਜ਼ਰੂਰਤ ਨਹੀਂ ਰਹਿੰਦੀ। ਆਪਣਾ ਦੁੱਧ ਨਵਜੰਮੇ ਬੱਚੇ ਨੂੰ ਲਗਾਤਾਰ ਦੇਣ ਨਾਲ ਬੱਚੇ ਨੂੰ ਤਾਂ ਫਾਇਦਾ ਹੁੰਦਾ ਹੀ ਹੈ ਨਾਲ ਹੀ ਮਾਵਾਂ ‘ਚ ਛਾਤੀ ਦਾ ਕੈਂਸਰ ਤੇ ਹੱਡੀਆਂ  ਦੇ ਕਈ ਰੋਗਾਂ  ਤੋ ਬਚਾਅ ਤੋ ਇਲਾਵਾ ਸਰੀਰ ਵਿੱਚ ਇਕੱਠੀ ਹੋਈ ਚਰਬੀ ਨੂੰ ਘਟਾਉਣ ਵਿੱਚ ਵੀ ਸਹਾਈ ਹੁੰਦਾ ਹੈ ਅਤੇ ਮਾਂ ਦੀ ਸਿਹਤ ਅਤੇ ਤੰਦਰੁਸਤੀ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ ।

                ਡਿਪਟੀ ਮਾਸ ਮੀਡੀਆ ਅਫ਼ਸਰ ਤ੍ਰਿਪਤਾ ਦੇਵੀ ਨੇ ਕਿਹਾ ਕਿ ਬੜੀ ਮਾੜੀ ਗੱਲ ਹੈ ਕਿ ਪੜ੍ਹੇ-ਲਿਖੇ ਪਰਿਵਾਰਾ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਦੀ ਘਾਟ ਹੈ । ਪੜੀਆਂ ਲਿਖੀਆਂ ਮਾਵਾਂ ਆਪਣੇ ਬੱਚਿਆਂ ਫਾਰਮੂਲਾ ਦੁੱਧ ਪਿਲਾਉਣਾ ਸ਼ਾਨ ਸਮਝਦੀਆਂ ਹਨ ਜੋ ਕਿ ਗਲਤ ਰੁਝਾਨ ਹੈ।ਇਸ ਤਰਾਂ ਦੇ ਜਾਗਰੂਕਤਾ ਸਪਤਾਹ ਮਨਾਉਣ ਦਾ ਅਸਲ ਮਕਸਦ ਇਹ ਹੈ ਕਿ ਵਧ ਤੋਂ ਵਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ  ਤੰਦਰੁਸਤ ਬੱਚਿਆਂ ਨਾਲ ਇਕ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ।

Related posts

Leave a Reply