ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਪੁਲਿਸ ਭਰਤੀ ਦੇ ਚਾਹਵਾਨਾਂ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ

ਪੁਲਿਸ ਕਮਿਸ਼ਨਰ ਵੱਲੋਂ ਪੁਲਿਸ ਭਰਤੀ ਦੇ ਚਾਹਵਾਨਾਂ ਲਈ ਵਿਸ਼ੇਸ਼ ਸਿਖਲਾਈ ਮੁਹਿੰਮ ਦੀ ਸ਼ੁਰੂਆਤ

ਜ਼ਿਲ੍ਹਾ ਪ੍ਰਸ਼ਾਸਨ ਨੂੰ ਸਿਖਲਾਈ ਦੇ ਉਦੇਸ਼ਾਂ ਲਈ ਸਮੁੱਚੇ ਸਟੇਡੀਅਮ, ਵਿੱਦਿਅਕ ਸੰਸਥਾਵਾਂ ਦੇ ਮੈਦਾਨ ਖੋਲ੍ਹਣ ਦੀ ਅਪੀਲ ਵੀ ਕੀਤੀ

ਜਲੰਧਰ, 27 ਜੂਨ

                ਜ਼ਿਲ੍ਹੇ ਵਿਚ ਆਗਾਮੀ ਪੁਲਿਸ ਭਰਤੀ ਦੇ ਚਾਹਵਾਨਾਂ ਨੂੰ ਬਿਹਤਰ ਸਿਖਲਾਈ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੱਜ ਸੰਭਾਵਿਤ ਉਮੀਦਵਾਰਾਂ ਨੂੰ ਸਿਖਲਾਈ ਵਿਚ ਸਹਾਇਤਾ ਲਈ ਪੁਲਿਸ ਲਾਈਨਜ਼ ਵਿਚ ਇਕ ਵਿਸ਼ੇਸ਼ ਸਿਖਲਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।

                ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਦੇ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਡਾਇਰੈਕਟਰ ਜਨਰਲ ਪੁਲਿਸ ਦਿਨਕਰ ਗੁਪਤਾ ਵੱਲੋਂ ਸਮੂਹ ਅਧਿਕਾਰੀਆਂ ਨੂੰ ਪੁਲਿਸ ਭਰਤੀ ਦੇ ਚਾਹਵਾਨਾਂ ਨੂੰ ਸਿਖਲਾਈ ਸਹੂਲਤਾਂ ਪ੍ਰਦਾਨ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਉਹ ਆਉਣ ਵਾਲੀ ਪੁਲਿਸ ਭਰਤੀ ਲਈ ਤਿਆਰੀ ਕਰ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਿਟੀ ਪੁਲਿਸ ਵੱਲੋਂ ਅੱਜ ਪੁਲਿਸ ਲਾਈਨਜ਼ ਵਿਚ ਇਕ ਵਿਸ਼ੇਸ਼ ਸਿਖਲਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਚਾਹਵਾਨਾਂ ਨੂੰ ਮਾਰਗ ਦਰਸ਼ਨ ਦੇਣ ਲਈ ਸਥਾਨਕ ਪੁਲਿਸ ਦੇ ਟ੍ਰੇਨਰ ਵੀ ਸ਼ਾਮਲ ਕੀਤੇ ਗਏ ਹਨ।

                ਪੁਲਿਸ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਿਖਲਾਈ ਦੇ ਉਦੇਸ਼ਾਂ ਲਈ ਸਮੁੱਚੇ ਸਟੇਡੀਅਮ ਅਤੇ ਵਿੱਦਿਅਕ ਸੰਸਥਾਵਾਂ ਦੇ ਮੈਦਾਨਾਂ ਨੂੰ ਖੋਲ੍ਹਣ ਦੇ ਨਾਲ ਨਾਲ ਇਨ੍ਹਾਂ ਮੈਦਾਨਾਂ ਵਿੱਚ ਖੇਡ ਵਿਭਾਗ ਨਾਲ ਸਬੰਧਤ ਕੋਚ ਅਤੇ ਲੋੜੀਂਦੇ ਬੁਨਿਆਦੀ ਢਾਂਚੇ ਦੀ ਉਪਲੱਬਤਾ ਲਈ ਵੀ ਅਪੀਲ ਕੀਤੀ । ਇਨ੍ਹਾਂ ਵਿੱਚ ਹਾਈ ਜੰਪ ਸਟੈਂਡ/ਮੈਟਰਿਸਸ, ਲਾਂਗ ਜੰਪ ਨਾਲ ਸਬੰਧਤ ਇਨਫਰਾਸਟਰਕਚਰ ਅਤੇ ਮਾਰਕਿੰਗ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਇਕਮਾਤਰ ਉਦੇਸ਼ ਉਚਿਤ ਸਿਖਲਾਈ ਦੇ ਜ਼ਰੀਏ ਚਾਹਵਾਨ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਭਰਤੀ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਸਮਰੱਥ ਬਣਾਉਣਾ ਹੈ।

                ਸ਼੍ਰੀ ਭੁੱਲਰ ਨੇ ਨੌਜਵਾਨਾਂ ਨੂੰ ਪੁਲਿਸ ਵਿਭਾਗ ਦੀ ਆਉਣ ਵਾਲੀ ਭਰਤੀ ਰੈਲੀ ਲਈ ਅੱਗੇ ਆਉਣ ਅਤੇ ਆਪਣਾ ਅਭਿਆਸ ਪਹਿਲਾਂ ਤੋਂ ਹੀ ਸ਼ੁਰੂ ਕਰਨ ਦਾ ਸੱਦਾ ਦਿੰਦਿਆਂ ਵਿਭਾਗ ਵੱਲੋਂ ਉਨ੍ਹਾਂ ਦੀ ਸਿਖਲਾਈ ਵਿੱਚ ਸਰਬਓਤਮ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਅਧਿਕਾਰੀਆਂ ਨੂੰ ਡੀਜੀਪੀ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਸਰਵਓਚ ਪਹਿਲ ਦੇਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਇਨ੍ਹਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਸਕੇ।

Related posts

Leave a Reply