ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ‘ਤੇ ਤਾਬੜ-ਤੋੜ ਹਮਲੇ,ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਨੇ ਵੀ ਇਨ੍ਹਾਂ ਹਮਲਿਆਂ ਵਿੱਚ ਕਾਂਗਰਸ ਦਾ ਡਟ ਕੇ ਸਾਥ ਦਿੱਤਾ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਕਾਂਗਰਸ ‘ਪੰਥਕ’ ਰੰਗ ਵਿੱਚ ਰੰਗੀ ਨਜ਼ਰ ਆਈ ਤੇ ਸ਼੍ਰੋਮਣੀ ਅਕਾਲੀ ਦਲ ‘ਤੇ ਤਾਬੜ-ਤੋੜ ਹਮਲੇ ਕੀਤੇ। ਦਿਲਚਸਪ ਗੱਲ ਇਹ ਰਹੀ ਕਿ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਨੇ ਵੀ ਇਨ੍ਹਾਂ ਹਮਲਿਆਂ ਵਿੱਚ ਕਾਂਗਰਸ ਦਾ ਡਟ ਕੇ ਸਾਥ ਦਿੱਤਾ। ਅਕਾਲੀ ਦਲ ਦੇ ਵਿਧਾਇਕ ਸ਼ੁਰੂ ਵਿੱਚ ਹੀ ਮੈਦਾਨ ਛੱਡ ਕੇ ਬਾਹਰ ਚਲੇ ਗਏ। ਇਸ ਲਈ ਸਾਰੀਆਂ ਧਿਰਾਂ ਨੇ ਅਕਾਲੀ ਦਲ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ।

ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਤਿਹਾਸਕ ਘਟਨਾਵਾਂ ਦਾ ਵੇਰਵਾ ਦਿੰਦੇ ਹੋਏ ਅਕਾਲੀ ਦਲ ਨੂੰ ਪੰਥ ਤੇ ਪੰਜਾਬ ਦਾ ਗੱਦਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਸਭ ਤੋਂ ਵੱਡਾ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਤੇ ਬਰਗਾੜੀ ਗੋਲੀ ਕਾਂਡ ਬਾਦਲ ਦੇ ਇਸ਼ਾਰੇ ‘ਤੇ ਵਾਪਰਿਆ ਸੀ। ਇਸ ਲਈ ਬਾਦਲ ਤੇ ਸਾਬਕਾ ਪੁਲਿਸ ਮੁਖੀ ਸਮੇਧ ਸੈਣੀ ਖਿਲਾਫ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਦੀ ਬਜਾਏ ਪੰਜਾਬ ਪੁਲਿਸ ਤੋਂ ਕਰਵਾਈ ਜਾਵੇ।

ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਨੇ ਰੰਧਾਵਾ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ‘ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਵਿੱਚ ਡੇਰਾ ਸਿਰਸਾ ਦੀ ਸ਼ਮੂਲੀਅਤ ਸਾਹਮਣੇ ਆ ਗਈ ਹੈ। ਇਸ ਲਈ ਡੇਰਾ ਮੁਖੀ ਖਿਲਾਫ ਵੀ ਕੇਸ ਦਰਜ ਕੀਤਾ ਜਾਏ। ਫੂਲਕਾ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਅਜੇ ਵੀ ਡੇਰਾ ਸਿਰਸਾ ਖਿਲਾਫ ਨਰਮ ਹੈ। ਇਸ ‘ਤੇ ਰੰਧਾਵਾ ਨੇ ਮੰਗ ਕੀਤੀ ਵਿਧਾਨ ਸਭਾ ਵਿੱਚ ਪ੍ਰਣ ਕੀਤਾ ਜਾਏ ਕਿ ਪੰਜਾਬ ਵਿੱਚ ਫਿਰ ਅਜਿਹਾ ਕੋਈ ਸਾਧ ਪੈਦਾ ਹੀ ਨਾ ਹੋਏ।

Related posts

Leave a Reply