ਬ੍ਰਮ ਸ਼ੰਕਰ ਜਿੰਪਾ : ਹੁਸ਼ਿਆਰਪੁਰ ਸ਼ਹਿਰ ਨੂੰ ਜਲਦ ਹੀ ਕੀਤਾ ਜਾਵੇਗਾ ਡੰਪ ਮੁਕਤ, 52 ਲੱਖ ਦੀਆਂ 200 ਰਿਕਸ਼ਾ-ਰੇਹੜੀਆਂ ਮੁਹੱਈਆ

ਹੁਸ਼ਿਆਰਪੁਰ ਸ਼ਹਿਰ ਨੂੰ ਜਲਦ ਹੀ ਕੀਤਾ ਜਾਵੇਗਾ ਡੰਪ ਮੁਕਤ, 52 ਲੱਖ ਦੀਆਂ 200 ਰਿਕਸ਼ਾ-ਰੇਹੜੀਆਂ ਮੁਹੱਈਆ : ਬ੍ਰਮ ਸ਼ੰਕਰ ਜਿੰਪਾ

-ਕੈਬਨਿਟ ਮੰਤਰੀ ਨੇ ਸਫ਼ਾਈ ਸੇਵਕਾਂ ਨੂੰ ਕੂੜਾ ਚੁੱਕਣ ਵਾਲੀਆਂ 100 ਵਿਸ਼ੇਸ਼ ਰਿਕਸ਼ਾ-ਰੇਹੜੀਆਂ ਸੌਂਪੀਆਂ
-ਕਿਹਾ, 52 ਲੱਖ ਰੁਪਏ ਦੀ ਲਾਗਤ ਨਾਲ ਅਜਿਹੀਆਂ 200 ਰਿਕਸ਼ਾ-ਰੇਹੜੀਆਂ ਕਰਵਾਈਆਂ ਜਾ ਰਹੀਆਂ ਹਨ ਮੁਹੱਈਆ
ਹੁਸ਼ਿਆਰਪੁਰ :
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਜਲਦ ਹੀ ਡੰਪ ਮੁਕਤ ਕਰ ਦਿੱਤਾ ਜਾਵੇਗਾ।  ਅੱਜ ਫੂਡ ਸਟਰੀਟ ਵਿਖੇ ਨਗਰ ਨਿਗਮ ਦੇ ਸਫ਼ਾਈ ਸੇਵਕਾਂ ਨੂੰ ਕੂੜਾ ਚੁੱਕਣ ਵਾਲੀਆਂ 100 ਵਿਸ਼ੇਸ਼ ਰਿਕਸ਼ਾ-ਰੇਹੜੀਆਂ ਸੌਂਪਦਿਆਂ ਉਨ੍ਹਾਂ ਕਿਹਾ ਕਿ ਸਫ਼ਾਈ ਕਰਮੀਆਂ ਨੂੰ 52 ਲੱਖ ਰੁਪਏ ਦੀ ਲਾਗਤ ਨਾਲ ਅਜਿਹੀਆਂ 200 ਰਿਕਸ਼ਾ-ਰੇਹੜੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਸੁੱਕੇ ਅਤੇ ਗਿੱਲੇ ਕੂੜੇ ਲਈ ਅਲੱਗ-ਅਲੱਗ ਖਾਨੇ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਲਈ ਵੱਡੀ ਜ਼ਰੂਰਤ ਪੂਰੀ ਹੋਈ ਹੈ ਅਤੇ ਇਸ ਨਾਲ ਸਾਰਾ ਕੂੜਾ ਸ਼ਹਿਰ ਤੋਂ ਬਾਹਰ ਪਹੁੰਚਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸ਼ਹਿਰ ਨੂੰ ਡੰਪ ਮੁਕਤ ਕਰਨ ਦਾ ਕੀਤਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ, ਜਿਸ ਤਹਿਤ ਫੂਡ ਸਟਰੀਟ ਨੂੰ ਪਹਿਲਾਂ ਹੀ ਡੰਪ ਮੁਕਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸ਼ਹਿਰ ਦੇ ਬਾਕੀ ਡੰਪਾਂ ਨੂੰ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਗਰ ਨਿਗਮ ਦੀ ਹਰੇਕ ਛੋਟੀ-ਵੱਡੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੁਸ਼ਿਆਰਪੁਰ ਸ਼ਹਿਰ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲਿਆ ਨਜ਼ਰ ਆਵੇਗਾ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਕੌਂਸਲਰ ਸਾਹਿਬਾਨ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਤੇ ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Related posts

Leave a Reply