ਭਾਸ਼ਾ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਪ੍ਰੋਗਰਾਮ ਕੱਲ, ਮੁੱਖ ਮਹਿਮਾਨ ਸੰਧਾਵਾਲੀਆ ਹੋਣਗੇ

ਭਾਸ਼ਾ ਵਿਭਾਗ ਗੁਰਦਾਸਪੁਰ ਵੱਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਪ੍ਰੋਗਰਾਮ ਕੱਲ

*ਗੁਰਦਾਸਪੁਰ 20 ਫ਼ਰਵਰੀ (ਗਗਨ  ) *

* ਭਾਸ਼ਾ ਵਿਭਾਗ ਗੁਰਦਾਸਪੁਰ ਵੱਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਪ੍ਰੋਗਰਾਮ ਸਥਾਨਕ ਪੰਡਿਤ ਮੋਹਨ ਲਾਲ ਐਸ. ਡੀ. ਕਾਲਜ ਫ਼ਾਰ ਵੂਮੈਨ ਵਿਖੇ ਕਰਵਾਇਆ ਜਾ ਰਿਹਾ ਹੈ , ਜਿਸ ਵਿੱਚ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਹੋਣਗੇ। ਇਸ ਦੌਰਾਨ ਪ੍ਰੋ. ਸੁਖਵੰਤ ਸਿੰਘ ਗਿੱਲ , ਸ਼੍ਰੋਮਣੀ ਕਵੀ ਡਾ. ਰਵਿੰਦਰ , ਉੱਘੇ ਗਜਲਗੋ ਸੁਲੱਖਣ ਸਰਹੱਦੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਨੇ ਦੱਸਿਆ ਕਿ 21 ਫ਼ਰਵਰੀ ਨੂੰ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਪ੍ਰੋਗਾਰਮ ਵਿੱਚ ਠੀਕ ਸਵੇਰੇ 11 ਵਜੇ ਪੰਜਾਬੀ ਮਾਂ-ਬੋਲੀ ਦਾ ਅਹਿਦ ਲੈ ਕੇ ਪੰਜਾਬੀ ਕਵੀ ਦਰਬਾਰ, ਪੁਸਤਕ ਗੋਸ਼ਟੀ ( ਇਹਨੂੰ ਹੁਣ ਕੀ ਕਹੀਏ ? ) , ਮਾਂ ਬੋਲੀ ਦੀ ਸਾਰਥਿਕਤਾ ‘ਤੇ ਕੁੰਜੀਵਤ ਭਾਸ਼ਣ (ਸ਼੍ਰੋਮਣੀ ਸਾਹਿਤ ਆਲੋਚਕ ਡਾ. ਅਨੂਪ ਸਿੰਘ, ਉੱਘੇ ਸਿੱਖਿਆ ਸ਼ਾਸਤਰੀ ਮੱਖਣ ਕੁਹਾੜ) ਕਰਵਾਏ ਜਾ ਰਹੇ ਹਨ ਅਤੇ ( ‘ਤੰਦ ਤੇ ਤਾਣੀ ‘ ,`ਨਾਰੀ ਬਰਾਬਰੀ : ਸੀਮਾ ਤੇ ਸੰਭਾਵਨਾ ‘ ) ਪੁਸਤਕਾਂ ਲੋਕ-ਅਰਪਣ ਕੀਤੀਆਂ ਜਾਣਗੀਆਂ। ਪੁਸਤਕ ‘ਇਹਨੂੰ ਹੁਣ ਕੀ ਕਹੀਏ’ ‘ਤੇ ਗੋਸ਼ਟੀ ਡਾ. ਗੁਰਵੰਤ ਸਿੰਘ ਅਤੇ ਗੁਰਮੀਤ ਸਿੰਘ ਬਾਜਵਾ (ਸਟੇਟ ਐਵਾਰਡੀ) ਕਰਨਗੇ।

ਇਸ ਦੌਰਾਨ ਬੀਬਾ ਬਲਵੰਤ , ਜੇ.ਪੀ. ਖ਼ਰਲਾਂਵਾਲਾ, ਮੰਗਤ ਚੰਚਲ, ਸੁੱਚਾ ਸਿੰਘ ਪਸਨਾਵਾਲ ਵੱਲੋਂ ਕਵੀ ਦਰਬਾਰ ਵਿੱਚ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ। ਸਮਾਗਮ ਦੇ ਹਰੇਕ ਪੜਾਅ ਦੀ ਪ੍ਰਧਾਨਗੀ ਵੱਖਰੀਆਂ ਵੱਖਰੀਆਂ ਨਾਮੀ ਸਾਹਿਤਕ ਹਸਤੀਆਂ ਡਾ. ਰਵਿੰਦਰ (ਸ਼੍ਰੋਮਣੀ ਪੰਜਾਬੀ ਕਵੀ), ਸੁਲੱਖਣ ਸਰਹੱਦੀ (ਉੱਘੇ ਗ਼ਜ਼ਲਗੋ) ਅਤੇ ਪੋ੍. ਸੁਖਵੰਤ ਸਿੰਘ ਗਿੱਲ ਕਰਨਗੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਮਦਨ ਲਾਲ ਸ਼ਰਮਾ , ਡੀ.ਪੀ.ਆਰ. ਓ. ਹਰਜਿੰਦਰ ਸਿੰਘ ਕਲਸੀ , ਪ੍ਰਿੰ. ਅਵਤਾਰ ਸਿੰਘ ਸਿੱਧੂ, ਕਮਲਜੀਤ ਸਿੰਘ ਕਮਲ , ਉੱਘੇ ਕਹਾਣੀਕਾਰ ਦੇਵਿੰਦਰ ਦੇਦਾਰ ਵਿਸ਼ੇਸ਼ ਤੌਰ ‘ਤੇ ਇਸ ਸਾਹਿਤਕ ਸਮਾਗਮ ਵਿੱਚ ਸ਼ਾਮਲ ਹੋਣਗੇ। ਸਮੁੱਚਾ ਸਮਾਗਮ ਪ੍ਰਿੰ. ਨੀਰੂ ਸ਼ਰਮਾ ਦੀ ਸਰਪ੍ਰਸਤੀ ਵਿੱਚ ਹੋਵੇਗਾ। ਜ਼ਿਲ੍ਹਾ ਖੋਜ ਅਫ਼ਸਰ ਰਜਵੰਤ ਕੌਰ ਵੱਲੋਂ ਸਾਰਿਆ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਭਾਸ਼ਾ ਵਿਭਾਗ ਗੁਰਦਾਸਪੁਰ ਤੋਂ ਸੁੱਖਦੇਵ ਸਿੰਘ ,ਸ਼ਾਮ ਸਿੰਘ ਅਤੇ ਸਮੂਹ ਅਮਲੇ ਵੱਲੋਂ ਭਾਸ਼ਾ ਵਿਭਾਗ ਦੀ ਪੁਸਤਕ ਪ੍ਰਦਰਸ਼ਨੀ ਵੀ ਵਿਸ਼ੇਸ਼ ਰੂਪ ਵਿੱਚ ਲਗਾਈ ਜਾਵੇਗੀ।

Related posts

Leave a Reply