ਰਵੀਨੰਦਨ ਬਾਜਵਾ ਨੇ ਸਵੈ-ਸਹਾਇਤਾ ਸਮੂਹਾਂ ਵਲੋਂ ਤਿਆਰ 6000 ਮਾਸਕ ਬਟਾਲਾ ਤੇ ਗੁਰਦਾਸਪੁਰ ਪੁਲਿਸ ਨੂੰ ਦਿੱਤੇ



ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਸਵੈ-ਸਹਾਇਤਾ ਸਮੂਹਾਂ ਵਲੋਂ ਮਾਸਕ ਤਿਆਰ ਕਰਨੇ ਸ਼ਲਾਘਾਯੋਗ ਉਪਰਾਲਾ – ਚੇਅਰਮੈਨ ਬਾਜਵਾ
ਸਮਾਜ ਸੇਵੀ ਸੰਸਥਾਵਾਂ ਵੀ ਸਵੈ-ਸਹਾਇਤਾ ਸਮੂਹਾਂ ਵਲੋਂ ਤਿਆਰ ਮਾਸਕ ਵੰਡਣ ਦੀ ਸੇਵਾ ਕਰਨ – ਬਾਜਵਾ
ਬਟਾਲਾ, 14 ਅਪ੍ਰੈਲ (ਅਵਿਨਾਸ਼ , ਸੰਜੀਵ)- ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੀ ਦੇਖ-ਰੇਖ ਹੇਠ ਪਿੰਡਾਂ ਵਿੱਚ ਚੱਲ ਰਹੇ ਔਰਤਾਂ ਦੇ ਸਵੈ-ਸਹਾਇਤਾ ਸਮੂਹ ਅੱਗੇ ਆਏ ਹਨ। ਏਨ੍ਹਾਂ ਸਵੈ-ਸਹਾਇਤਾ ਸਮੂਹਾਂ ਵਲੋਂ ਮੂੰਹ ’ਤੇ ਪਹਨਿਣ ਵਾਲੇ ਮਾਸਕ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਹਰ ਵਿਅਕਤੀ ਆਪਣੇ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਪਹਿਨ ਸਕੇ।
ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਸ. ਰਵੀਨੰਦਨ ਸਿੰਘ ਬਾਜਵਾ ਨੇ ਸਵੈ-ਸਹਾਇਤਾ ਸਮੂਹਾਂ ਵਲੋਂ ਤਿਆਰ ਕੀਤੇ ਮਾਸਕ ਪੁਲਿਸ ਜ਼ਿਲ੍ਹਾ ਬਟਾਲਾ ਅਤੇ ਗੁਰਦਾਸਪੁਰ ਦੀ ਪੁਲਿਸ ਨੂੰ ਸੇਵਾ ਵਜੋਂ ਦਿੱਤੇ ਹਨ। ਚੇਅਰਮੈਨ ਬਾਜਵਾ ਨੇ ਅੱਜ 3000 ਮਾਸਕ ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਅਤੇ 3000 ਮਾਸਕ ਐੱਸ.ਐੱਸ.ਪੀ. ਗੁਰਦਾਸਪੁਰ ਸ. ਸਵਰਨਜੀਤ ਸਿੰਘ ਨੂੰ ਭੇਟ ਕੀਤੇ।
ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੇਂਡੂ ਵਿਕਾਸ ਵਿਭਾਗ ਦੀ ਰਹਿਨੁਮਾਈ ਹੇਠ ਪਿੰਡਾਂ ਵਿੱਚ ਚੱਲ ਰਹੇ ਸਵੈ-ਸਹਾਇਤਾ ਸਮੂਹ ਦੀਆਂ ਮੈਂਬਰ ਔਰਤਾਂ ਵਲੋਂ ਮਾਸਕ ਤਿਆਰ ਕੀਤੇ ਜਾ ਰਹੇ ਹਨ ਅਤੇ ਇਹ ਸਿਰਫ ਲਾਗਤ ਮੁੱਲ ਉੱਪਰ ਹੀ ਵੇਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਦਿੱਤੇ ਗਏ 6000 ਮਾਸਕ ਸਵੈ-ਸਹਾਇਤਾ ਸਮੂਹਾਂ ਕੋਲੋਂ ਖਰੀਦੇ ਗਏ ਹਨ। ਉਨ੍ਹਾਂ ਕਿਹਾ ਕਿ ਸਵੈ ਸਹਾਇਤਾ ਸਮੂਹ ਵਲੋਂ ਤਿਆਰ ਕੀਤੇ ਜਾ ਰਹੇ ਮਾਸਕਾਂ ਨਾਲ ਜਿਥੇ ਸਮੂਹ ਦੀਆਂ ਮੈਂਬਰ ਔਰਤਾਂ ਨੂੰ ਰੁਜ਼ਗਾਰ ਮਿਲਿਆ ਹੈ ਓਥੇ ਇਹ ਮਾਸਕ ਕੋਰੋਨਾ ਵਰਗੇ ਭਿਆਨਕ ਵਾਇਰਸ ਤੋਂ ਲੋਕਾਂ ਨੂੰ ਬਚਾਉਣਗੇ।
ਚੇਅਰਮੈਨ ਸ. ਬਾਜਵਾ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਹ ਲੋਕਾਂ ਵਿੱਚ ਮਾਸਕ ਵੰਡਣ ਦੀ ਸੇਵਾ ਕਰਨੀ ਚਾਹੁੰਦੇ ਹਨ ਤਾਂ ਉਹ ਸਵੈ-ਸਹਾਇਤਾ ਸਮੂਹਾਂ ਵਲੋਂ ਤਿਆਰ ਕੀਤੇ ਮਾਸਕ ਖਰੀਦ ਕੇ ਲੋਕਾਂ ਵਿੱਚ ਵੰਡਣ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਇਹ ਮਾਸਕ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਰਾਹੀਂ ਖਰੀਦ ਸਕਦੇ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਇਹ ਮਾਸਕ ਖਰੀਦ ਕੇ ਜਿਥੇ ਪੇਂਡੂ ਔਰਤਾਂ ਲਈ ਰੁਜ਼ਗਾਰ ਦੇਣ ਦਾ ਜਰੀਆ ਬਣਨਗੇ ਓਥੇ ਲੋਕਾਂ ਨੂੰ ਮਾਸਕ ਵੰਡ ਕੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣਗੇ।
ਇਸ ਮੌਕੇ ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਚੇਅਰਮੈਨ ਸ. ਰਵੀਨੰਦਨ ਸਿੰਘ ਬਾਜਵਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਬਟਾਲਾ ਪੁਲਿਸ ਨੂੰ ਦਿੱਤੇ ਗਏ ਇਹ 3000 ਮਾਸਕ ਪੁਲਿਸ ਜਵਾਨਾਂ ਵਿੱਚ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਪੁਲਿਸ ਜਵਾਨ ਕਰਫਿਊ ਨੂੰ ਲਾਗੂ ਕਰਾਉਣ ਲਈ ਦਿਨ-ਰਾਤ ਡਿਊਟੀ ਉੱਪਰ ਹਨ ਅਤੇ ਉਨ੍ਹਾਂ ਲਈ ਇਹ ਮਾਸਕ ਇੱਕ ਸੁਰੱਖਿਆ ਕਵਚ ਸਾਬਤ ਹੋਣਗੇ। ਐੱਸ.ਐੱਸ.ਪੀ. ਬਟਾਲਾ ਨੇ ਮਾਸਕ ਤਿਆਰ ਕਰਨ ਵਾਲੀਆਂ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸ. ਸਿੰਕਦਰ ਸਿੰਘ ਪੀ.ਏ ਵੀ ਮੌਜੂਦ ਸਨ।
    

Related posts

Leave a Reply