ਵੱਡੀ ਖ਼ਬਰ : ਚੋਹਾਲ ਡੈਮ ਹੁਸ਼ਿਆਰਪੁਰ ਦੀ ਧਰਤੀ ਤੇ ਬਣੇਗਾ ਸਵਰਗ, ਸੈਰ ਸਪਾਟਾ ਪ੍ਰੋਜੈਕਟ ਲਈ 60 ਲੱਖ ਰੁਪਏ ਮਨਜ਼ੂਰ : ਸੁੰਦਰ ਸ਼ਾਮ ਅਰੋੜਾ

ਚੋਹਾਲ ਡੈਮ ਹੁਸ਼ਿਆਰਪੁਰ ਦੀ ਧਰਤੀ ਤੇ ਬਣੇਗਾ ਸਵਰਗ, ਸੈਰ ਸਪਾਟਾ ਪ੍ਰੋਜੈਕਟ ਲਈ 60 ਲੱਖ ਰੁਪਏ ਮਨਜ਼ੂਰ : ਸੁੰਦਰ ਸ਼ਾਮ ਅਰੋੜਾ
ਜੰਗਲਾਤ ਵਿਭਾਗ ਦੀ ਤਜਵੀਜ਼ ਦੇਵੇਗੀ ਈਕੋ ਟੂਰਿਜ਼ਮ ਨੂੰ ਹੁਲਾਰਾ
ਦੂਜੇ ਪੜਾਅ ’ਚ ਸਲੇਰਨ ਡੈਮ ’ਤੇ ਵੀ ਵਿਕਸਤ ਹੋਵੇਗਾ ਈਕੋ ਟੂਰਿਜ਼ਮ ਪ੍ਰੋਜੈਕਟ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ )
: ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਇਥੇ ਕਿਹਾ ਕਿ ਵਾਤਾਵਰਣ ਸੈਰ ਸਪਾਟੇ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਸ਼ਹਿਰ ਦੇ ਨਾਲ ਲੱਗਦੇ ਦੋ ਡੈਮਾਂ ’ਤੇ ਅਹਿਮ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ ਜਿਨ੍ਹਾਂ ਵਿਚੋਂ ਪਹਿਲੇ ਪੜਾਅ ਹੇਠ ਚੋਹਾਲ ਡੈਮ ’ਤੇ ਵਿਕਸਤ ਕੀਤੇ ਜਾਣ ਵਾਲੇ ਈਕੋ ਟੂਰਿਜ਼ਮ ਪ੍ਰੋਜੈਕਟ ਤਹਿਤ 60 ਲੱਖ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ।

ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਚੋਹਾਲ ਡੈਮ ਤੋਂ ਬਾਅਦ ਦੂਜੇ ਪੜਾਅ ਵਿਚ ਇਹ ਪ੍ਰੋਜੈਕਟ ਸਲੇਰਨ ਡੈਮ ’ਤੇ ਵਿਕਸਤ ਕਰਨ ਦੀ ਵੀ ਤਜਵੀਜ਼ ਹੈ ਅਤੇ ਇਨ੍ਹਾਂ ਪ੍ਰੋਜੈਕਟਾਂ ਨਾਲ ਵਾਤਾਵਰਣ ਪੱਖੀ ਸੈਰ ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਚੋਹਾਲ ਡੈਮ ’ਤੇ ਈਕੋ ਟੂਰਿਜ਼ਮ ਪ੍ਰੋਜੈਕਟ ਦੀ ਵਿਸਥਾਰਤ ਤਜਵੀਜ਼ ਪੇਸ਼ ਕੀਤੀ ਗਈ ਸੀ ਜਿਸ ਨੂੰ ਪ੍ਰਵਾਨ ਕਰਦਿਆਂ ਲੋੜੀਂਦੇ ਫੰਡ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਆਉਂਦੇ ਕੁਝ ਮਹੀਨਿਆਂ ਵਿਚ ਇਹ ਪ੍ਰੋਜੈਕਟ ਮੁਕੰਮਲ ਹੋ ਸਕੇ।

ਉਨ੍ਹਾਂ ਦੱਸਿਆ ਕਿ ਸ਼ਿਵਾਲਕ ਦੀਆਂ ਪਹਾੜੀਆਂ ’ਚ ਵਸੇ ਚੋਹਾਲ ਅਤੇ ਸਲੇਰਨ ਇਲਾਕਿਆਂ ਵਿਚ ਜੰਗਲਾਤ ਵਿਭਾਗ ਵਲੋਂ ਅਜਿਹੀਆਂ ਸ਼ਾਨਦਾਰ ਪਹਿਲਕਦਮੀਆਂ ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੀਆਂ। ਉਨ੍ਹਾਂ ਦੱਸਿਆ ਕਿ ਚਿੰਤਪੁਰਨੀ ਰੋਡ ’ਤੇ ਸਥਾਪਤ ਹੋਣ ਵਾਲੇ ਇਸ ਪ੍ਰੋਜੈਕਟ ਨੂੰ ‘ਨੇਚਰ ਅਵੇਅਰਨੈਸ ਕੈਂਪ’ ਦਾ ਨਾਂ ਦਿੱਤਾ ਗਿਆ ਹੈ ਜਿਸ ਵਿਚ ਟੂਰਿਸਟਾਂ ਦੇ ਠਹਿਰਨ ਲਈ ਵਿਸ਼ੇਸ਼ ਕਿਸਮ ਦੀਆਂ ਹੱਟਜ਼ ਤਿਆਰ ਕੀਤੀਆਂ ਜਾਣਗੀਆਂ ਜਿਹੜੀਆਂ ਕਿ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਹੋਣਗੀਆਂ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਚੋਹਾਲ ਤੇ ਸਲੇਰਨ ਦੋਵਾਂ ਥਾਵਾਂ ’ਤੇ ਟੂਰਿਸਟਾਂ ਵਲੋਂ ਕੁਦਰਤੀ ਨਜ਼ਾਰਿਆਂ ਅਤੇ ਸੁੰਦਰਤਾ ਦਾ ਭਰਪੂਰ ਆਨੰਦ ਮਾਣਿਆ ਜਾਵੇਗਾ।
ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਲੋਕਾਂ ਨੂੰ ਵਾਤਾਵਰਣ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਪ੍ਰਤੀ ਵੀ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਪੰਜਾਬ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਜਾ ਸਕੇ।

ਪ੍ਰੋਜੈਕਟ ਸਬੰਧੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਈਕੋ ਟੂਰਿਜ਼ਮ ਨੂੰ ਹੋਰ ਵਧਾਉਣ ਲਈ ਹਰ ਤਰ੍ਹਾਂ ਦੀ ਸਹੂਲਤ, ਕੁਦਰਤੀ ਸੋਮੇ ਅਤੇ ਸਮਰਥਾ ਉਪਲਬੱਧ ਹੈ ਜਿਸ ਤੋਂ ਪੂਰਾ ਲਾਹਾ ਲੈਂਦਿਆਂ ਜੰਗਲਾਤ ਵਿਭਾਗ ਵਲੋਂ ਤਿਆਰ ਕੀਤੀਆਂ ਤਜਵੀਜ਼ਾਂ ਅਨੁਸਾਰ ਇਹ ਪ੍ਰੋਜੈਕਟ ਵਾਤਾਵਰਣ ਪੱਖੀ ਸੈਰ ਸਪਾਟੇ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰਨਗੇ।
ਇਸੇ ਦੌਰਾਨ ਜੰਗਲਾਤ ਵਿਭਾਗ ਦੇ ਕੰਜ਼ਰਵੇਟਰ ਡਾ.ਸੰਜੀਵ ਤਿਵਾੜੀ ਨੇ ਪ੍ਰੋਜੈਕਟ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਹਾਲ ਵਿਖੇ ‘ਨੇਚਰ ਅਵੇਅਰਨੈਸ ਕੈਂਪ’ ਵਿਖੇ ਟੈਂਟਾਂ ’ਚ ਰਿਹਾਇਸ਼, ਜੰਗਲੀ ਖੇਤਰ ’ਚ ਸੈਰਗਾਹ, ਬੋਟਿੰਗ, ਬੋਨਫਾਇਰ, ਜਾਗਰੂਕਤਾ ਸੈਸ਼ਨ, ਸਭਿਆਚਾਰਕ ਸ਼ੋਅ, ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਆਦਿ ਵਿਸ਼ੇਸ਼ ਖਿੱਚ ਬਨਣਗੇ।

Related posts

Leave a Reply