ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਬੱਚਿਆਂ ਨੇ ਤਿਆਰ ਕੀਤੇ ਸੁੰਦਰ ਮਖੌਟੇ

ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ਬੱਚਿਆਂ ਨੇ ਤਿਆਰ ਕੀਤੇ ਸੁੰਦਰ ਮਖੌਟੇ
ਮਹੀਨਾਵਾਰ ਐਕਟੀਵਿਟੀ ਨਾਲ ਬੱਚਿਆਂ ‘ਚ ਸਿਰਜਣਾਤਮਕ ਵਿਕਾਸ ਹੁੰਦਾ ਹੈ – ਡੀਈਓ ਐਲੀਮੈਂਟਰੀ ਬਲਦੇਵ ਰਾਜ
ਪਠਾਨਕੋਟ 14 ਅਕਤੂਬਰ
ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਰਚਨਾਤਮਕ ਵਿਕਾਸ ਲਈ ਹਰ ਮਹੀਨੇ ਕਿਸੇ ਦਿਨ-ਤਿਓਹਾਰ ਨਾਲ ਸਬੰਧਿਤ ਕਿਰਿਆਵਾਂ ਕਰਵਾਉਣ ਲਈ ਵਿਸ਼ੇਸ਼ ਕੈਲੰਡਰ ਜਾਰੀ ਕੀਤਾ ਗਿਆ ਹੈ। ਇਸੇ ਲੜੀ ਤਹਿਤ ਪ੍ਰਾਇਮਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿਲਚਸਪ ਢੰਗਾਂ ਨਾਲ ਅਧਿਆਪਕਾਂ ਨੇ ਮਖੌਟੇ ਤਿਆਰ ਕਰਨ ਦੀ ਸਿਖਲਾਈ ਦੇ ਕੇ ਬੱਚਿਆਂ ਦੀਆਂ ਸਿਰਜਣਾਤਮਕ ਰੁਚੀਆਂ ਵਿੱਚ ਵਾਧਾ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਜਾਨਵਰਾਂ ਅਤੇ ਪੰਛੀਆਂ ਜਿਵੇਂ ਸ਼ੇਰ, ਹਾਥੀ ,ਬਿੱਲੀ ,ਭਾਲੂ , ਕਾਂ ਆਦਿ ਤੋਂ ਇਲਾਵਾ ਹੋਰ ਵੀ ਭਿੰਨ-ਭਿੰਨ ਤਰ੍ਹਾਂ ਦੀਆਂ ਸ਼ਕਲਾਂ ਵਾਲੇ ਮਖੌਟੇ ਤਿਆਰ ਕਰਨੇ ਸਿੱਖੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਕੂਲ ਮੁਖੀਆਂ ਦੀ ਅਗਵਾਈ ਵਿੱਚ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਮਖੌਟਾ ਤਿਆਰ ਕਰਨ ਦੀ ਦਿਲਚਸਪ ਗਤੀਵਿਧੀ ਕਰਵਾਈ ਗਈ।ਜਿਸ ਵਿੱਚ ਬੱਚਿਆਂ ਅਤੇ ਅਧਿਆਪਕਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਉਹਨਾਂ ਦੱਸਿਆ

ਕਿ ਅਧਿਆਪਕਾਂ ਨੇ ਬੱਚਿਆਂ ਨੂੰ ਰੰਗ-ਬਰੰਗੇ ਕਾਗਜ਼ਾਂ ਅਤੇ ਹੋਰ ਸਹਾਇਕ ਸਮੱਗਰੀ ਨਾਲ ਵੱਖ-ਵੱਖ ਕਿਸਮਾਂ ਦੇ ਮਖੌਟੇ ਤਿਆਰ ਕਰਨ ਦੀ ਸਿਖਲਾਈ ਦਿੱਤੀ । ਅਧਿਆਪਕਾਂ ਨੇ ਵੇਸਟ ਮਟੀਰੀਅਲ ਤੋਂ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਮਖੌਟੇ ਬਣਾਉਣ ਦੀ ਜਾਣਕਾਰੀ ਬੱਚਿਆਂ ਨੂੰ ਦਿੱਤੀ ।


ਉਹਨਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਸਿਰਜਣਾਤਮਕ ਗਤੀਵਿਧੀਆਂ ਕਰਵਾਉਣ ਨਾਲ ਵਿਦਿਆਰਥੀਆਂ ਦੀ ਸਖ਼ਸੀਅਤ ਵਿਚਲੇ ਰਚਨਾਤਮਕ ਕੌਸ਼ਲਾਂ ਦਾ ਵਿਕਾਸ ਹੋਣ ਦੇ ਨਾਲ-ਨਾਲ ਉਹਨਾਂ ਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ। ਇਸ ਮੌਕੇ ਬੱਚਿਆਂ ਨੇ ਵੀ ਤਿਓਹਾਰਾਂ ਦੇ ਦਿਨਾਂ ਵਿੱਚ ਆਪਣੇ ਘਰ ਅਤੇ ਆਲੇ-ਦੁਆਲੇ ਨੂੰ ਸਜਾਉਣ ਲਈ ਇਹਨਾਂ ਭਾਂਤ-ਭਾਂਤ ਦੇ ਮਖੌਟਿਆਂ ਨੂੰ ਬਣਾਉਣ ਦੀ ਸਿਖਲਾਈ ਬੜੇ ਚਾਅ ਨਾਲ ਪ੍ਰਾਪਤ ਕੀਤੀ।
ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਸਟੈਨੋ ਤਰੁਣ ਪਠਾਨੀਆ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।

Related posts

Leave a Reply