* ਮੰਡੀਆਂ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮਿਲੇਗੀ ਵੱਡੀ ਰਾਹਤ
ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) –
ਵਿਸ਼ਵ ਪ੍ਰਸਿੱਧ ਸਮਾਜ ਸੇਵਕ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐਸ.ਪੀ. ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਲਾਤਾਂ ਦੌਰਾਨ ਮੰਡੀਆਂ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਮਾਰਕਫੈੱਡ ਨੂੰ 20 ਹਜ਼ਾਰ ਟ੍ਰਿਪਲ ਲੇਅਰ (ਧੋਣ ਉਪਰੰਤ ਮੁੜ ਵਰਤੋਂ ‘ਚ ਆਉਣ ਵਾਲੇ) ਮਾਸਕ ਦਿੱਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਅਾ ਕਿ ਮਾਰਕਫੈੱਡ ਨੇ ਉਨ੍ਹਾਂ ਪਾਸੋਂ ਮੰਡੀਆਂ ‘ਚ ਕੰਮ ਕਰਨ ਵਾਲੀ ਲੇਬਰ ਵਾਸਤੇ 20 ਹਜ਼ਾਰ ਮਾਸਕ ਦੀ ਮੰਗ ਕੀਤੀ ਗਈ ਸੀ,ਜਿਸ ਨੂੰ ਪੂਰਾ ਕਰਦਿਆਂ ਹੋਇਆਂ ਅੱਜ ਉਨ੍ਹਾਂ ਵੱਲੋਂ ਮਾਰਕਫੈੱਡ ਦੇ ਨੁਮਾਇੰਦਿਆਂ ਨੂੰ 5000 ਟ੍ਰਿਪਲ ਲੇਅਰ ਮਾਸਕ ਦੇ ਦਿੱਤੇ ਹਨ ਜਦ ਕਿ 5000 ਮਾਸਕ ਕੱਲ੍ਹ ਨੂੰ ਅਤੇ ਬਾਕੀ 10,000 ਮਾਸਕ ਪਰਸੋਂ ਦੇ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਅੱਜ ਪੀ.ਏ. ਪੀ. ਦੇ ਏ.ਡੀ.ਜੀ.ਪੀ.ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਮੰਗ ਤੇ ਉਨ੍ਹਾਂ ਨੂੰ 150 ਪੀ.ਪੀ.ਈ. ਕਿੱਟਾਂ,75 N-95 ਮਾਸਕ ਅਤੇ 500 ਟ੍ਰਿਪਲ ਲੇਅਰ ਸਰਜੀਕਲ ਮਾਸਕ ਜਲੰਧਰ,ਕਪੂਰਥਲਾ ਅਤੇ ਪਟਿਆਲਾ ‘ਚ ਕਰੋਨਾ ਸਬੰਧੀ ਖੋਲ੍ਹੇ ਜਾ ਰਹੇ ਸੈਂਟਰਾਂ ਲਈ ਵੀ ਦਿੱਤੇ ਗਏ ਹਨ।
ਡਾ. ਓਬਰਾਏ ਨੇ ਦੱਸਿਆ ਕਿ ਹਰ ਜ਼ਿਲ੍ਹੇ ਅੰਦਰ ਵੱਡੀ ਗਿਣਤੀ ‘ਚ ਪੀ.ਪੀ.ਈ ਕਿੱਟਾਂ, ਐੱਨ -95 ਮਾਸਕ ਤੋਂ ਇਲਾਵਾ ਟਿ੍ਪਲ ਲੇਅਰ ਮਾਸਕ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮਾਰਕਫ਼ੈੱਡ ਨੂੰ ਮੰਡੀਆਂ ਲਈ ਹੋਰ ਮਾਸਕਾਂ ਦੀ ਜਰੂਰਤ ਪੈਂਦੀ ਹੈ ਤਾਂ ਟਰੱਸਟ ਅਗਲੇ ਦਿਨਾਂ ‘ਚ ਹੋਰ ਮਾਸਕ ਵੀ ਮੁਹੱਈਆ ਕਰਵਾਏਗੀ।
ਮਾਰਕਫੈੱਡ ਦੇ ਉੱਚ ਅਧਿਕਾਰੀਆਂ ਨੇ ਡਾ. ਓਬਰਾਏ ਦੇ ਇਸ ਉਪਰਾਲੇ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp