ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕਰਫਿਊ ਦੌਰਾਨ ਛੋਟਾਂ ਦਾ ਹੁਕਮ ਜਾਰੀ
ਹੁਸ਼ਿਆਰਪੁਰ : (Adesh)
ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਸਮੇਂ-ਸਮੇਂ ‘ਤੇ ਦਿੱਤੀਆਂ ਗਈਆਂ ਛੋਟਾਂ ਵਿੱਚ ਵਾਧਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਵਲੋਂ ਛੋਟਾਂ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ। ਜਾਰੀ ਕੀਤੇ ਹੁਕਮ ਅਨੁਸਾਰ ਸਮੂਹ ਕਰਿਆਨਾ/ ਮੈਡੀਸਨ/ ਮੀਟ ਅਤੇ ਮੱਛੀ (ਹੋਲਸੇਲ/ਰਿਟੇਲਰ) ਦੀਆਂ ਦੁਕਾਨਾਂ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਖੋਲਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਸਕੂਲਾਂ/ਕਾਲਜਾਂ ਦੀਆਂ ਕਿਤਾਬਾਂ ਦੀਆਂ ਦੁਕਾਨਾਂ ਹਫਤੇ ਦੇ ਸਿਰਫ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਖੋਲਣ ਦੀ ਆਗਿਆ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮ ਅਨੁਸਾਰ ਜ਼ਿਲ੍ਹੇ ਦੇ ਸਮੂਹ ਏ.ਟੀ.ਐਮ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਖੁੱਲੇ ਰਹਿਣਗੇ, ਜਦਕਿ ਜ਼ਿਲ੍ਹੇ ਦੇ ਸਮੂਹ ਪੈਟਰੋਲ ਪੰਪ ਸਵੇਰੇ 6 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲੇ ਰਹਿਣਗੇ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਰਕਾਰੀ ਉਸਾਰੀਕਰਨ ਦੀ ਇਜਾਜ਼ਤ ਹੋਵੇਗੀ, ਬਸ਼ਰਤੇ ਸਬੰਧਿਤ ਵਿਭਾਗ ਵਲੋਂ ਉਸਾਰੀ ਸਬੰਧੀ ਪ੍ਰਵਾਨਗੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹੁਸ਼ਿਆਰਪੁਰ ਦੇ ਦਫਤਰ ਪਾਸੋਂ ਪ੍ਰਾਪਤ ਕਰਨੀ ਜ਼ਰੂਰੀ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੁਕਮ ਵਿੱਚ ਕਿਹਾ ਕਿ ਵੇਅਰ ਹਾਊਸ ਅਤੇ ਕੋਲਡ ਸਟੋਰ ਖੋਲਣ ਦੀ ਇਜਾਜ਼ਤ ਹੋਵੇਗੀ, ਬਸ਼ਰਤੇ ਉਸਦੀ ਪ੍ਰਵਾਨਗੀ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਹੁਸ਼ਿਆਰਪੁਰ ਦੇ ਦਫਤਰ ਪਾਸੋਂ ਪ੍ਰਾਪਤ ਕਰਨੀ ਜ਼ਰੂਰੀ ਹੋਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਉਦਯੋਗਿਕ ਇਕਾਈਆਂ ਨੂੰ ਖੋਲਣ ਸਬੰਧੀ, ਸਬੰਧਿਤ ਮਾਲਕ ਵਲੋਂ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਹੁਸ਼ਿਆਰਪੁਰ ਪਾਸ ਅਪਲਾਈ ਕਰਨਾ ਜ਼ਰੂਰੀ ਹੋਵੇਗਾ ਅਤੇ ਭਾਰਤ ਸਰਕਾਰ ਦੇ ਹੁਕਮ ਮਿਤੀ 15-4-2020 ਦੇ ਲੜੀ ਨੰਬਰ-16 ਦੀ ਪਾਲਣਾ ਕਰਦੇ ਪ੍ਰਵਾਨਗੀ ਉਪਰੰਤ ਹੀ ਉਦਯੋਗਿਕ ਇਕਾਈਆਂ ਖੋਲੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਦੁੱਧ ਵਿਕਰੇਤਾਵਾਂ ਨੂੰ ਸਵੇਰੇ 5 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ 5 ਵਜੇ ਤੋਂ ਸ਼ਾਮ 8 ਵਜੇ ਤੱਕ ਦੁੱਧ ਵੇਚਣ ਦੀ ਇਜਾਜ਼ਤ ਹੋਵੇਗੀ। ਜਾਰੀ ਹੁਕਮ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਵਿਆਹ/ਸ਼ਾਦੀਆਂ/ਸਮਾਗਮਾਂ ਦੀ ਕੋਈ ਪ੍ਰਵਾਨਗੀ ਨਹੀਂ ਹੋਵੇਗੀ। ਮੌਤ ਦੇ ਕੇਸਾਂ ਵਿੱਚ ਸਸਕਾਰ ਕਰਨ ਵਾਸਤੇ 10 ਵਿਅਕਤੀਆਂ ਨੂੰ ਹੀ ਇਜਾਜ਼ਤ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਉਕਤ ਛੋਟਾਂ ਦੌਰਾਨ ਸਮਾਜਿਕ ਦੂਰੀ ਬਰਕਰਾਰ ਰੱਖਣ ਦੇ ਨਾਲ-ਨਾਲ ਹਰ ਵਿਅਕਤੀ ਵਲੋਂ ਮਾਸਕ ਦੀ ਵਰਤੋਂ ਕਰਨੀ ਜ਼ਰੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਮਾਸਕ ਨਾ ਪਾਉਣ ਦੀ ਸੂਰਤ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp