ਔਖੀ ਘੜੀ ‘ਚ ਲੋੜਵੰਦਾਂ ਦਾ ਸਾਥ ਦੇ ਕੇ ਡਾ.ਐੱਸ.ਪੀ.ਓਬਰਾਏ ਨੇ ਲਿਖੀ ਨਵੀਂ ਇਬਾਰਤ


ਔਖੀ ਘੜੀ ‘ਚ ਲੋੜਵੰਦਾਂ ਦਾ ਸਾਥ ਦੇ ਕੇ ਡਾ.ਐੱਸ.ਪੀ.ਓਬਰਾਏ ਨੇ ਲਿਖੀ ਨਵੀਂ ਇਬਾਰਤ

* ਪੰਜਾਬ ਦੇ ਹਰੇਕ ਜ਼ਿਲ੍ਹੇ ਅੰਦਰ ਰਾਸ਼ਨ ਤੋਂ ਬਾਅਦ ਵੱਡੀ ਮਾਤਰਾ ‘ਚ ਭੇਜਿਆ ਡਾਕਟਰੀ ਵਰਤੋਂ ਵਾਲਾ ਸਮਾਨ

* ਕਦੇ ਪਿੱਛੇ ਨਹੀਂ ਹਟਾਂਗੇ,ਨਿਰੰਤਰ ਜਾਰੀ ਰਹੇਗੀ ਸਪਲਾਈ : ਡਾ.ਓਬਰਾਏ

ਜਲੰਧਰ, – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ ) –

        – ਆਪੋ ਧਾਪੀ ਦੇ ਇਸ ਯੁੱਗ ਅੰਦਰ ਵੀ ਹਰੇਕ ਔਖੀ ਘੜੀ ‘ਚ ਸਮਾਜ ਦੀ ਬਿਹਤਰੀ ਲਈ ਸਰਕਾਰਾਂ ਤੋਂ ਵੀ ਪਹਿਲਾਂ ਅੱਗੇ ਆ ਕੇ ਨਿਰਸੁਆਰਥ ਵੱਡੇ ਤੇ ਵਿਲੱਖਣ ਸੇਵਾ ਕਾਰਜ ਨੇਪਰੇ ਚੜ੍ਹਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ. ਸਿੰਘ ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਦੇ  ਅੰਮ੍ਰਿਤਸਰ,ਪਟਿਆਲਾ,ਫ਼ਰੀਦਕੋਟ ਅਤੇ ਪੀ.ਜੀ.ਆਈ.ਮੈਡੀਕਲ ਕਾਲਜਾਂ ਤੋਂ ਇਲਾਵਾ ਸੂਬੇ ਦੇ ਸਾਰੇ ਹੀ ਸਰਕਾਰੀ ਹਸਪਤਾਲਾਂ,ਜ਼ਿਲ੍ਹਾ ਪੁਲਿਸ ਪ੍ਰਸ਼ਾਸਨਾਂ,ਪੀ.ਏ.ਪੀ.ਦੇ ਸੈਂਟਰਾਂ ਅਤੇ ਮੀਡੀਆ ਕਰਮੀਆਂ ਨੂੰ ਜਾਨਲੇਵਾ ਕਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਲਈ ਵੱਡੀ ਗਿਣਤੀ ‘ਚ ਪੀ.ਪੀ. ਈ.ਕਿੱਟਾਂ,ਐੱਨ.-੯੫ ਮਾਸਕ,ਤੀਹਰੀ ਪਰਤ ਵਾਲੇ (ਧੋਣ ਯੋਗ) ਮਾਸਕ ਅਤੇ ਸੈਨੀਟਾਈਜ਼ਰ ਆਦਿ ਲੋੜੀਂਦਾ ਸਮਾਨ ਪੁੱਜਦਾ ਕਰ ਦਿੱਤਾ ਗਿਆ ਹੈ।
     ਸਰਬੱਤ ਦਾ ਭਲਾ ਟਰੱਸਟ ਵੱਲੋਂ  ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਸਿਹਤ ਨਾਲ ਸਬੰਧਿਤ ਸਾਮਾਨ ਮੁਹੱਈਆ ਕਰਵਾਉਣ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਪਹਿਲਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ,ਰਾਜਸਥਾਨ ਦੇ ਸ੍ਰੀ ਗੰਗਾਨਗਰ ਅਤੇ ਚੰਡੀਗੜ੍ਹ ਅੰਦਰ ਟਰੱਸਟ ਦੀਆਂ ਇਕਾਈਆਂ ਨੂੰ ਪਹਿਲੇ ਪੜਾਅ ਤਹਿਤ ਕਰੀਬ ਸਵਾ ਕਰੋੜ ਦੀ ਲਾਗਤ ਨਾਲ ਵੱਡੀ ਮਾਤਰਾ ‘ਚ ਸੁੱਕਾ ਰਾਸ਼ਨ ਖਰੀਦ ਕੇ ਭੇਜਿਆ ਗਿਆ ਸੀ, ਜੋ ਟਰੱਸਟ ਦੇ ਮੈਂਬਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨਾਂ ਦੀ ਮਦਦ ਨਾਲ ਕਰਫਿਊ ਕਾਰਨ ਬੇਰੁਜ਼ਗਾਰ ਹੋਏ ਲੋੜਵੰਦ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੰਡਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਆਉੰਦੇ ਤਿੰਨ ਮਹੀਨਿਆਂ ਲਈ ਵੀ ਪ੍ਰਤੀ ਮਹੀਨਾ ੩੫ ਹਜ਼ਾਰ ਲੋੜਵੰਦ ਪਰਿਵਾਰਾਂ ਲਈ ਸੁੱਕੇ ਰਾਸ਼ਨ ਦਾ ਆਰਡਰ ਦੇਣ ਉਪਰੰਤ ਉਨ੍ਹਾਂ ਵੱਲੋਂ ਪਿਛਲੇ ੧੦ ਦਿਨਾਂ ਤੋਂ ਲਗਾਤਾਰ ਦਿਨ-ਰਾਤ ਕੰਮ ਕਰਦਿਆਂ ਪੂਰੀ ਵਿਉਂਤਬੰਦੀ ਨਾਲ ਮੈਡੀਕਲ ਕਾਲਜ ਅੰਮ੍ਰਿਤਸਰ,ਪਟਿਆਲਾ, ਫ਼ਰੀਦਕੋਟ ਅਤੇ ਪੀ.ਜੀ.ਆਈ. ਤੋਂ ਇਲਾਵਾ ਸਾਰੇ ਹੀ ਜ਼ਿਲ੍ਹਿਆਂ ਅੰਦਰ ਆਉਂਦੇ ਪ੍ਰਮੁੱਖ ਸਰਕਾਰੀ ਹਸਪਤਾਲਾਂ,ਜਿਲ੍ਹਾ ਪੁਲਿਸ ਪ੍ਰਸ਼ਾਸਨਾਂ,ਪੀ.ਏ.ਪੀ.ਵੱਲੋਂ ਖੋਲ੍ਹੇ ਤਿੰਨ ਸੈਂਟਰਾਂ ਅਤੇ ਮੀਡੀਆ ਕਰਮੀਆਂ ਲਈ ਜਾਨਲੇਵਾ ਕਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਹਜ਼ਾਰਾਂ ਦੀ ਗਿਣਤੀ ‘ਚ ਪੀ.ਪੀ. ਈ.ਕਿੱਟਾਂ, ਐੱਨ.-੯੫ ਮਾਸਕ,ਸੈਨੀਟਾਈਜ਼ਰ ਜਦ ਕਿ ਲੱਖਾਂ ਦੀ ਗਿਣਤੀ ‘ਚ ਤੀਹਰੀ ਪਰਤ ਵਾਲੇ ਮਾਸਕ (ਧੋਣ ਯੋਗ) ਆਦਿ ਲੋੜੀਂਦਾ ਸਮਾਨ ਭੇਜ ਦਿੱਤਾ ਗਿਆ ਹੈ। ਜਿਸ ਦੀ ਬਦੌਲਤ ਕਰੋਨਾ ਜੰਗ ਨੂੰ ਹਰਾਉਣ ਲਈ ਮੂਹਰਲੀ ਕਤਾਰ ‘ਚ ਲੜ ਰਹੇ ਡਾਕਟਰਾਂ,ਸਿਹਤ ਵਿਭਾਗ ਦੇ ਹੋਰਨਾਂ ਕਰਮਚਾਰੀਆਂ,ਪੁਲਸ ਮੁਲਾਜ਼ਮਾਂ ਤੋਂ ਇਲਾਵਾ ਘਰ-ਘਰ ਖ਼ਬਰਾਂ ਪਹੁੰਚਾਉਣ ਵਾਲੇ ਪੱਤਰਕਾਰ ਸਾਥੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ। ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ੨੦ ਵੈਂਟੀਲੇਟਰ ਆਰਡਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ੮ ਵੈਂਟੀਲੇਟਰ ਪ੍ਰਸ਼ਾਸ਼ਨ ਦੀ ਮੰਗ ‘ਤੇ ਵੱਖ-ਵੱਖ ਹਸਪਤਾਲਾਂ ਨੂੰ ਦਿੱਤੇ ਜਾ ਚੁੱਕੇ ਹਨ ਅਤੇ ਬਾਕੀ ੧੨ ਵੈਂਟੀਲੇਟਰ ਵੀ ਜਲਦ ਹੀ ਲੋੜੀਂਦੀਆਂ ਥਾਵਾਂ ਤੇ ਦੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਪਹਿਲਾਂ ਵੀ ੪੦ ਇਨਫਰਾਰੈੱਡ ਥਰਮਾਮੀਟਰ ਦਿੱਤੇ ਜਾ ਚੁੱਕੇ ਹਨ ਜਦ ਕਿ ੨੦੦ ਹੋਰ ਬਹੁਤ ਛੇਤੀ ਦਿੱਤੇ ਜਾਣਗੇ। ਇਸ ਤੋਂ ਇਲਾਵਾ ਕਣਕ ਦਾ ਸੀਜ਼ਨ ਸ਼ੁਰੂ ਹੋਣ ਤੇ ਮਾਰਕਫੈੱਡ ਨੇ ਉਨ੍ਹਾਂ ਪਾਸੋਂ ਮੰਡੀਆਂ ‘ਚ ਕੰਮ ਕਰਨ ਵਾਲੀ ਲੇਬਰ ਵਾਸਤੇ ੨੦ ਹਜ਼ਾਰ ਮਾਸਕ ਦੀ ਮੰਗ ਕੀਤੀ ਗਈ ਸੀ,ਜਿਸ ਨੂੰ ਪੂਰਿਆਂ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤੀ ਜਾ ਰਹੀ ਇਹ ਸਾਰੀ ਸੇਵਾ ਨਿਰੰਤਰ ਜਾਰੀ ਰੱਖੀ ਜਾਵੇਗੀ ਅਤੇ ਕਿਸੇ ਵੀ ਜ਼ਿਲ੍ਹੇ ਦੇ ਪ੍ਰਸ਼ਾਸ਼ਨ ਵੱਲੋਂ ਮੰਗ ਕਰਨ ਤੇ ਉਸ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾਵੇਗਾ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply