ਜ਼ਿਲਾ ਜਲੰਧਰ ਕੋਰੋਨਾ ਵਾਇਰਸ 2253 ਟੈਸਟਾਂ ਕਰਕੇ ਬਣਿਆ ਸੂਬੇ ਦਾ ਮੋਹਰੀ ਜ਼ਿਲਾ
ਸੂਬੇ ‘ਚ ਕੁੱਲ 12064 ਸ਼ੱਕੀ ਮਰੀਜ਼ਾਂ ਦੇ ਕੀਤੇ ਗਏ ਟੈਸਟਾਂ ਵਿੱਚ 20 ਪ੍ਰਤੀਸ਼ਤ ਜਲੰਧਰ ‘ਚ ਹੋਏ
ਜਲੰਧਰ – (ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ ) –
ਜ਼ਿਲਾ ਪ੍ਰਸ਼ਾਸਨ ਵਲੋਂ ਜਲੰਧਰ ਵਿੱਚ ਕੋਰੋਨਾ ਵਾਇਰਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਫੈਲਣ ਤੋਂ ਰੋਕਣ ਦੀ ਵਚਨਬੱਧਤਾ ਤਹਿਤ ਜ਼ਿਲਾ ਜਲੰਧਰ ਪੂਰੇ ਸੂਬੇ ਵਿੱਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ 20 ਪ੍ਰਤੀਸ਼ਤ ਟੈਸਟ ਕਰਕੇ ਮੋਹਰੀ ਜ਼ਿਲਾ ਬਣਿਆ ਹੈ ਜਿਸ ਨਾਲ ਪਾਜ਼ੀਟਿਵ ਮਰੀਜ਼ਾਂ ਦੀ ਪਹਿਚਾਣ ਕਰਨ ਵਿੱਚ ਬਹੁਤ ਮਦਦ ਮਿਲੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੇ 22 ਜ਼ਿਲਿਆਂ ਵਿੱਚ 26 ਅਪ੍ਰੈਲ ਤੱਕ ਕੋਰੋਨਾ ਵਾਇਰਸ ਦੇ 12064 ਟੈਸਟ ਕੀਤੇ ਗਏ ਹਨ। ਇਨਾਂ ਵਿਚੋਂ ਜਲੰਧਰ ਵਿੱਚ ਹੀ ਕੇਵਲ 2253 ਟੈਸਟ ਕੀਤੇ ਗਏ ਹਨ ਜਦਕਿ ਲੁਧਿਆਣਾ 1596 ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ(ਮੁਹਾਲੀ) ਵਿਖੇ 1184, ਸੰਗਰੂਰ 890, ਪਠਾਨਕੋਟ 788, ਸ਼ਹੀਦ ਭਗਤ ਸਿੰਘ ਨਗਰ 785, ਅੰਮ੍ਰਿਤਸਰ 723, ਗੁਰਦਾਸਪੁਰ 583, ਮੋਗਾ 578, ਪਟਿਆਲਾ 563, ਤਰਨ ਤਾਰਨ 453, ਬਠਿੰਡਾ 436, ਹੁਸ਼ਿਆਰਪੁਰ 415, ਫਿਰੋਜ਼ਪੁਰ 406, ਮਾਨਸਾ 400, ਫ਼ਰੀਦਕੋਟ 378, ਫਤਿਹਗੜ ਸਾਹਿਬ 365, ਫਾਜ਼ਿਲਕਾ 357, ਕਪੂਰਥਲਾ 357, ਸ੍ਰੀ ਮੁਕਤਸਰ ਸਾਹਿਬ 346, ਬਰਨਾਲਾ 263 ਅਤੇ ਰੂਪਨਗਰ ਵਿਖੇ 198 ਟੈਸਟ ਕੀਤੇ ਗਏ ਹਨ।
ਜ਼ਿਲੇ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜਾਂ ਦਾ ਪਤਾ ਲਗਾਉਣ ਲਈ ਪੂਰੇ ਜ਼ੋਰਾਂ ਨਾਲ ਟੈਸਟ ਅਭਿਆਨ ਚਲਾ ਕੇ ਵੱਧ ਤੋਂ ਵੱਧ ਮਰੀਜ਼ਾਂ ਦੀ ਪਹਿਚਾਣ ਕੀਤੀ ਜਾ ਸਕੀ ਜੋ ਕਿ ਜਲੰਧਰ ਵਾਸੀਆਂ ਲਈ ਵੱਡਾ ਖ਼ਤਰਾ ਹੋ ਬਣ ਸਕਦਾ ਸੀ। ਇਕ ਹੋਰ ਤੱਥ ਦੇ ਅਨੁਸਾਰ ਜ਼ਿਲਾ ਪ੍ਰਸ਼ਾਸਨ ਵਲੋਂ ਕੀਤੇ ਗਏ ਵੱਧ ਤੋਂ ਵੱਧ ਟੈਸਟਾਂ ਕਰਕੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜਾਂ ਦੇ ਸੰਪਰਕ ਵਿੱਚ ਆਏ 100 ਪ੍ਰਤੀਸ਼ਤ ਲੋਕਾਂ ਦਾ ਪਤਾ ਲਗਾ ਕੇ 700 ਲੋਕਾਂ ਦੇ ਟੈਸਟ ਕੀਤੇ ਗਏ। ਇਨਾਂ ਸੰਪਰਕਾਂ ਦਾ ਪਤਾ ਵਧੀਕ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਿਸ਼ੇਸ਼ ਸਾਰੰਗਲ ਦੀ ਅਗਵਾਈ ਵਿੱਚ ਗਠਿਤ ਕੀਤੀ ਗਈ ਉਚ ਤਾਕਤੀ ਕਮੇਟੀ ਵਲੋਂ ਕੀਤੀ ਗਈ ਸਖ਼ਤ ਮਿਹਨਤ ਸਦਕਾ ਲਗਾਇਆ ਜਾ ਸਕਿਆ ਜਿਨਾਂ ਵਿੱਚ 60 ਤੋਂ ਜ਼ਿਆਦਾ ਕੋਰੋਨਾ ਪਾਜ਼ੀਟਿਵ ਕੇਸ ਸਵ: ਬਲਦੇਸਵ ਸਿੰਘ, ਦੀਪਕ ਸ਼ਰਮਾ, ਕਵਿਤਾ ਮਹਾਜਨ, ਸਵ : ਕੁਲਜੀਤ ਕੌਰ, ਜਸਬੀਰ ਸਿੰਘ ਅਤੇ ਸਵਰਨ ਲਤਾ ਦੇ ਸੰਪਰਕ ਵਿੱਚ ਆਉਣ ਕਰਕੇ ਸਾਹਮਣੇ ਆਏ ਸਨ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕੋ ਇਕ ਰਾਹ ਜ਼ੋਰਾਂ ਨਾਲ ਟੈਸਟ ਕਰਨਾ ਸੀ। ਉਨਾਂ ਕਿਹਾ ਕਿ ਜੇਕਰ ਇਹ ਸਭ ਕੁਝ ਸਮੇਂ ਸਿਰ ਨਾ ਕੀਤਾ ਜਾਂਦਾ ਤਾਂ ਜ਼ਿਲੇ ਵਿੱਚ ਕੋਰੋਨਾ ਵਾਇਰਸ ਕਰਕੇ ਹੋਰ ਨੁਕਸਾਨ ਦਾ ਸਾਹਮਣਾ ਕਰਨਾ ਪੈਣਾ ਸੀ। ਦੋਵਾਂ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਪਹਿਚਾਣ ਕਰਨ ਲਈ ਟੈਸਟ ਅਭਿਆਨ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਜ਼ਿਲੇ ਵਿਚੋਂ ਕੋਰੋਨਾ ਵਾਇਰਸ ਦਾ ਪੂਰੀ ਤਰਾਂ ਖਾਤਮਾ ਨਹੀਂ ਹੋ ਜਾਂਦਾ।
ਇਸੇ ਤਰਾਂ ਮੈਡੀਕਲ ਸੁਪਰਡੰਟ ਸਿਵਲ ਹਸਪਤਾਲ ਜਲੰਧਰ ਡਾ.ਹਰਿੰਦਰ ਸਿੰਘ ਅਤੇ ਐਪੀਡੀਮੋਲੋਜਿਸਟ ਸਿਵਲ ਹਸਪਤਾਲ ਜਲੰਧਰ ਡਾ.ਸੋਭਨਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੱਡੇ ਪੱਧਰ ‘ਤੇ ਟੈਸਟ ਕਰਨਾ ਹੀ ਇਕੋ ਇਕ ਰਸਤਾ ਹੈ। ਉਨਾਂ ਕਿਹਾ ਕਿ ਜੇਕਰ ਇਸ ਨੂੰ ਸਮੇਂ ਸਿਰ ਨਾ ਕੀਤਾ ਜਾਂਦਾ ਤਾਂ ਇਸ ਦਾ ਬਹੁਤ ਬੁਰਾ ਅਸਰ ਹੋਣਾ ਸੀ। ਸਿਹਤ ਵਿਭਾਗ ਦੇ ਇਨਾਂ ਅਧਿਕਾਰੀਆਂ ਨੇ ਕਿਹਾ ਕਿ ਟੈਸਟ ਅਤੇ ਸੰਪਰਕਾਂ ਦੀ ਪਹਿਚਾਣ ਕਰਨ ਦੀ ਮੁਹਿੰਮ ਨੂੰ ਉਦੋਂ ਤੱਕ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਪੂਰੀ ਤਰਾਂ ਖ਼ਤਮ ਨਹੀਂ ਕਰ ਦਿੱਤਾ ਜਾਂਦਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp