ਅਕਾਲੀ ਦਲ ਨੇ ਪੰਜਾਬ ‘ਚ ਕੋਵਿਡ ਮੌਤਾਂ ਦੀ ਸਭ ਤੋਂ ਉੱਚੀ ਦਰ ਉੱਤੇ ਚਿੰਤਾ ਪ੍ਰਗਟ ਕੀਤੀ

ਅਕਾਲੀ ਦਲ ਨੇ ਪੰਜਾਬ ‘ਚ ਕੋਵਿਡ ਮੌਤਾਂ ਦੀ ਸਭ ਤੋਂ ਉੱਚੀ ਦਰ ਉੱਤੇ ਚਿੰਤਾ ਪ੍ਰਗਟ ਕੀਤੀ

* ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਨੂੰ ਉੱਚੀ ਮੌਤ ਦਰ ਬਾਰੇ ਜਾਂਚ ਕਰਵਾਉਣ ਲਈ ਆਖਿਆ
 * ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ  ਉਹ ਝੋਨਾ ਲਾਉਣ ਦੀ ਤਰੀਖ ਸੰਬੰਧੀ ਲਾਈਆਂ ਪਾਬੰਧੀਆਂ ਹਟਾ ਦੇਣ ਅਤੇ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਉੱਤੇ 75 ਫੀਸਦੀ ਸਬਸਿਡੀ ਦੇਣ
ਜਲੰਧਰ – (ਸੰਦੀਪ ਸਿੰਘ ਵਿਰਦੀ ਗੁਰਪ੍ਰੀਤ ਸਿੰਘ )
: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੋਵਿਡ-19 ਦੀ ਬੀਮਾਰੀ ਨਾਲ ਪੰਜਾਬ ਅੰਦਰ ਮੌਤਾਂ ਦੀ ਦਰ ਪੂਰੇ ਦੇਸ਼ ਨਾਲੋਂ ਵੱਧ ਹੋਣ ਉੱਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਆਪਣੇ ਆਪ ਵਿਚ ਸੂਬਾ ਸਰਕਾਰ ਦੀ ਇਸ ਬੀਮਾਰੀ ਦੀ ਰੋਕਥਾਮ ਵਿਚ ਨਾਕਾਮੀ ਦਾ ਸੰਕੇਤ ਹੈ, ਜਿਹੜੀ ਸੁਰੱਖਿਅਤ ਕਿਟਾਂ ਮੁੱਹਈਆ ਕਰਨ, ਹਸਪਤਾਲਾਂ ਦਾ  ਬੁਨਿਆਦੀ ਢਾਂਚਾ ਸੁਧਾਰਨ ਜਾਂ ਮਰੀਜ਼ਾਂ ਦੀ ਸੰਭਾਲ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿਚ ਕੋਵਿਡ ਮੌਤਾਂ ਦੀ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ 6 ਫੀਸਦੀ ਹੈ, ਜਦਕਿ ਇਸ ਦੇ ਗੁਆਂਢੀ ਰਾਜ ਹਰਿਆਣਾ ਵਿਚ ਮੌਤਾਂ ਦੀ ਦਰ ਇੱਕ ਫੀਸਦੀ ਤੋਂ ਵੀ ਘੱਟ ਹੈ।ਉਹਨਾਂ ਮੁੱਖ ਮੰਤਰੀ ਨੂੰ ਇਸ ਮੁੱਦੇ ਉੱਤੇ ਤੁਰੰਤ ਇੱਕ ਖੋਜ ਰਿਪੋਰਟ ਤਿਆਰ ਕਰਨ ਦਾ ਹੁਕਮ ਦੇਣ ਅਤੇ ਮੌਤਾਂ ਦੀ ਦਰ ਘਟਾਉਣ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕੀਤੀ।
ਸਰਦਾਰ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਆਪਣੀ ਸਮੁੱਚੀ ਰਣਨੀਤੀ ਵਿਚ ਫੇਰਬਦਲ ਕਰਨ ਲਈ ਆਖਦਿਆਂ ਕਿਹਾ ਕਿ ਇਸ ਨੂੰ ਕੇਰਲਾ ਦਾ ਮਾਡਲ ਅਪਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਰਲਾ ਨੇ ਕੋਵਿਡ ਮਰੀਜ਼ਾਂ ਅਤੇ ਉਹਨਾਂ ਨਾਲ ਜੁੜੇ ਸਾਰੇ ਲੋਕਾਂ ਨੂੰ ਇਕਾਂਤਵਾਸ ‘ਚ ਪਾ ਕੇ ਨਾ ਸਿਰਫ ਮੌਤਾਂ ਦੀ ਦਰ ਘਟਾਈ ਹੈ, ਸਗੋਂ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੀ ਘਟਾ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨੂੰ ਪੀਪੀਈ ਕਿਟਾਂ ਵਧਾਉਣੀਆਂ ਚਾਹੀਦੀਆਂ ਹਨ, ਵਧੇਰੇ ਲੋਕਾਂ ਦੇ ਟੈਸਟ ਕਰਨੇ ਚਾਹੀਦੇ ਹਨ ਅਤੇ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਸੁਧਾਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਪੀਪੀਈ ਕਿਟਾਂ ਦੀ ਖਰੀਦ ਵਿਚ ਵੀ ਭ੍ਰਿਸ਼ਟਾਚਾਰ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਅੰਮ੍ਰਿਤਸਰ ਦੇ ਡਾਕਟਰਾਂ ਨੇ ਇਹਨਾਂ ਕਿਟਾਂ ਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਇਹ ਟਿੱਪਣੀ ਕਰਦਿਆਂ ਕਿ ਪੰਜਾਬ ਹਰਿਆਣਾ ਵੱਲੋਂ ਅਪਣਾਈ ਰਣਨੀਤੀ ਤੋਂ ਵੀ ਕੋਈ ਸਬਕ ਲੈ ਸਕਦਾ ਹੈ, ਜਿਸ ਨੇ ਵੱਧ ਤੋਂ ਵੱਧ ਟੈਸਟ ਕਰਕੇ ਅਤੇ ਹਸਪਤਾਲਾਂ ਅੰਦਰ ਬੁਨਿਆਦੀ ਢਾਂਚਾ ਸੁਧਾਰ ਕੇ ਮੌਤ ਦੀ ਦਰ ਸਿਰਫ ਇੱਕ ਫੀਸਦੀ ਤਕ ਰੋਕ ਦਿੱਤੀ ਹੈ, ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਵਿਚ ਇਹ ਹਾਲ ਹੈ ਕਿ ਸਿਹਤ ਸਟਾਫ ਅਜੇ ਤੀਕ ਪੀਪੀਈ ਕਿਟਾਂ ਮੰਗ ਰਹੇ ਹਨ ਅਤੇ ਮਰੀਜ਼ ਸਾਫ ਸਫਾਈ ਅਤੇ ਢੁੱਕਵਾਂ ਇਲਾਜ ਨਾ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਅਜੇ ਤੀਕ ਲੋੜੀਂਦੇ ਵੈਟੀਲੇਂਟਰ ਵੀ ਨਹੀਂ ਖਰੀਦੇ ਹਨ ਅਤੇ ਇਹਨਾਂ ਸਾਰੀਆਂ ਗੱਲਾਂ ਕਰਕੇ ਜਲੰਧਰ ਅਤੇ ਹੋਰ ਥਾਂਵਾਂ ਉਤੇ ਸਥਿਤੀ ਕਾਬੂ ਤੋਂ ਬਾਹਰ ਹੋ ਚੁੱਕੀ ਹੈ।  ਉਹਨਾਂ ਕਿ ਚੱਲ ਰਹੇ ਕਣਕ ਦੀ ਖਰੀਦ ਦੇ ਸੀਜ਼ਨ ਦੌਰਾਨ ਮੰਡੀਆਂ ਵਿਚ ਕੋਈ ਟੈਸਟ ਨਹੀਂ ਕੀਤੇ ਜਾ ਰਹੇ ਹਨ। ਉਹਨਾਂ ਨੇ ਕੋਵਿਡ ਫੰਡ ਵਾਸਤੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿਚੋਂ 750 ਰੁਪਏ ਦੀ ਕਟੌਤੀ ਕਰਨ ਲਈ ਵੀ ਸਰਕਾਰ ਦੀ ਝਾੜਝੰਬ ਕੀਤੀ।
ਸਰਦਾਰ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਮਜ਼ਦੂਰਾਂ ਦੀ ਭਾਰੀ ਕਮੀ ਨੂੰ ਵੇਖਦੇ ਹੋਏ ਝੋਨੇ ਦੀ ਬਿਜਾਈ 15 ਜੂਨ ਤੋਂ ਸ਼ੁਰੂ ਕਰਨ ਸੰਬੰਧੀ ਲਾਈਆਂ æਪਾਬੰਦੀਆਂ ਨੂੰ ਵੀ ਹਟਾਉਣ ਲਈ ਆਖਿਆ। ਉਹਨਾਂ ਕਿਹਾ ਕਿ ਸਰਕਾਰ ਨੂੰ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਉੱਤੇ 75 ਫੀਸਦੀ ਸਬਸਿਡੀ ਦੇ ਕੇ ਕਿਸਾਨਾਂ ਨੂੰ ਮਸ਼ੀਨਾਂ ਨਾਲ ਝੋਨਾ ਲਾਉਣ ਵਾਸਤੇ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਮਸ਼ੀਨਾਂ ਖਰੀਦ ਕੇ ਸਹਿਕਾਰੀ ਸਭਾਵਾਂ ਨੂੰ ਦੇਣੀਆਂ ਚਾਹੀਦੀਆਂ ਹਨ ਤਾਂ ਕਿ ਕਿਸਾਨ ਇਹਨਾਂ ਦਾ ਇਸਤੇਮਾਲ ਕਰ ਸਕਣ।
ਸਰਦਾਰ ਮਜੀਠੀਆ ਨੇ ਸੂਬੇ ਅੰਦਰ ਗੈਰਕਾਨੂੰਨੀ ਢੰਗ ਨਾਲ ਵੇਚੀ ਜਾ ਰਹੀ ਸ਼ਰਾਬ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਗੈਰਕਾਨੂੰਨੀ ਧੰਦਾ ਕਾਂਗਰਸੀ ਆਗੂਆਂ ਦੀ ਛੱਤਰ ਛਾਇਆ ਥੱਲੇ ਹੋ ਰਿਹਾ ਹੈ। ਉਹਨਾਂ ਕਾਂਗਰਸੀ ਆਗੂ ਸੈਮਸਨ ਮਸੀਹ ਦੀ ਗਊ ਹੱਤਿਆ ਦੇ ਕੇਸ ਵਿਚ ਸ਼ਮੂਲੀਅਤ ਦੀ ਨਿਖੇਧੀ ਕੀਤੀ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply