ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਵੀਂਆਂ ਸੇਵਾਵਾਂ ਨਾਲ ਸਬੰਧਤ ਦੁਕਾਨਾਂ 2 ਮਈ ਤੋਂ ਸਵੇਰੇ 7 ਤੋਂ 11 ਵਜੇ ਤੱਕ ਖੋਲ੍ਹਣ ਦੀ ਮਨਜ਼ੂਰੀ

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣਵੀਂਆਂ ਸੇਵਾਵਾਂ ਨਾਲ ਸਬੰਧਤ ਦੁਕਾਨਾਂ 2 ਮਈ ਤੋਂ ਸਵੇਰੇ 7 ਤੋਂ 11 ਵਜੇ ਤੱਕ ਖੋਲ੍ਹਣ ਦੀ ਮਨਜ਼ੂਰੀ
–ਸ਼ਾਪਿੰਗ/ਮਾਰਕੀਟ ਕੰਪਲੈਕਸਾਂ ਤੇ ਮਲਟੀਪਲੈਕਸਾਂ/ਮਾਲ ਵਿਚਲੀਆਂ ਦੁਕਾਨਾਂ ਨਹੀਂ ਖੁੱਲ੍ਹਣਗੀਆਂ
–ਦੁਕਾਨਾਂ ਖੁੱਲ੍ਹਣ ’ਤੇ ਭੀੜ-ਭੜੱਕਾ ਹੋਣ ’ਤੇ ‘ਰੋਟੇਸ਼ਨ’ ਨਿਰਧਾਰਿਤ ਕਰਨ ਦੇ ਅਖਤਿਆਰ ਐਸ ਡੀ ਐਮਜ਼ ਨੂੰ ਦਿੱਤੇ
ਸੀਲ ਕੀਤੇ ਪਿੰਡਾਂ ਚ ਇਹ ਹੁਕਮ ਲਾਗੂ ਨਹੀਂ ਹੋਣਗੇ
ਨਵਾਂ ਸ਼ਹਿਰ, 1 ਮਈ (BUREAU CHIEF SAURAV JOSHI)
ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਪੰਜਾਬ ਸਰਕਾਰ ਵੱਲੋਂ ਕਰਫ਼ਿਊ/ਲਾਕਡਾਊਨ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਦੁਕਾਨਾਂ/ਆਮ ਲੋੜਾਂ ਨਾਲ ਸਬੰਧਤ ਸੇਵਾਵਾਂ ’ਚ ਢਿੱਲ ਦੇਣ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਚੋਣਵੀਆਂ ਸੇਵਾਵਾਂ ਨਾਲ ਸਬੰਧਤ ਦੁਕਾਨਾਂ 2 ਮਈ ਤੋਂ ਸਵੇਰੇ 7 ਤੋਂ ਦਿਨੇ 11 ਵਜੇ ਤੱਕ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਪਰ ਇਸ ਦੇ ਨਾਲ ਹੀ ਸ਼ਾਪਿੰਗ/ਮਾਰਕੀਟ ਕੰਪਲੈਕਸਾਂ ਅਤੇ ਮਲਟੀਪਲੈਕਸਾਂ/ਮਾਲ ਵਿਚਲੀਆਂ ਦੁਕਾਨਾਂ ਨੂੰ ਖੋਲ੍ਹੇ ਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ। ਇਸੇ ਤਰ੍ਹਾਂ ਸੀਲ ਕੀਤੇ ਪਿੰਡਾਂ ਚ ਵੀ ਦੁਕਾਨਾਂ ਖੋਲ੍ਹਣ ਦੇ ਇਹ ਹੁਕਮ ਲਾਗੂ ਨਹੀਂ ਹੋਣਗੇ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਨ੍ਹਾਂ ਪ੍ਰਵਾਨਗੀਆਂ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਐਸ ਐਸ ਪੀ ਅਲਕਾ ਮੀਨਾ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।
ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਵੱਲੋਂ ਅੱਜ ਸ਼ਾਮ ਕੀਤੇ ਗਏ ਇਨ੍ਹਾਂ ਆਦੇਸ਼ਾਂ ਮੁਤਾਬਕ ਕਰਿਅਾਨਾ ਤੇ ਜ਼ਰੂਰੀ ਵਸਤਾਂ ਨਾਲ ਸਬੰਧਤ ਸਾਲਮ ਦੁਕਾਨਾਂ, ਰਾਸ਼ਨ ਦੁਕਾਨਾਂ (ਜਨਤਕ ਵੰਡ ਪ੍ਰਣਾਲੀ), ਅਨਾਜ ਤੇ ਕਰਿਆਨਾ, ਪੀਣ ਵਾਲਾ ਪਾਣੀ, ਦਵਾਈਆਂ, ਕਲੀਨਿਕਲ ਤੇ ਡਾਇਗਨੌਸਟਿਕ ਲੈਬਾਰਟਰੀਆਂ, ਸਰਜੀਕਲ ਵਸਤਾਂ, ਸਿਹਤ ਸੁਰੱਖਿਆ ਨਾਲ ਸਬੰਧਤ ਵਸਤਾਂ, ਫ਼ਲ ਤੇ ਸਬਜ਼ੀਆਂ, ਡੇਅਰੀ ਤੇ ਦੁੱਧ ਬੂਥ/ਪਲਾਂਟ, ਆਰਾ ਮਿੱਲਾਂ, ਪੋਲਟਰੀ, ਅੰਡੇ, ਮੀਟ ਤੇ ਮੱਛੀ, ਪਸ਼ੂ ਖੁਰਾਕ ਤੇ ਚਾਰਾ, ਇਲੈਕਟ੍ਰਾਨਿਕ/ਇਲੈਕਟਿ੍ਕ (ਏ ਸੀ, ਕੂਲਰ, ਪੱਖੇ), ਇਲੈਕਟ੍ਰਾਨਿਕ/ਇਲੈਕਟਿ੍ਕ ਰਿਪੇਅਰ, ਬੋੋਰੰਗ ਵਰਕਸ, ਮੋਬਾਈਲ ਰਿਪੇਅਰ ਤੇ ਰੀਚਾਰਜ, ਸਟੇਸ਼ਨਰੀ, ਐਨਕਾਂ ਦੀਆਂ ਦੁਕਾਨਾਂ, ਪਿ੍ੰਟਿੰਗ ਪ੍ਰੈੱਸ, ਬੀਜ, ਖਾਦ, ਕੀੜੇਮਾਰ ਦਵਾਈਆਂ, ਖੇਤੀ ਮਸ਼ੀਨਰੀ ਮੁਰੰਮਤ ਸਮੇਤ ਪੁਰਜ਼ੇ, ਟਰੱਕ ਮੁਰੰਮਤ (ਹਾਈਵੇਅ ’ਤੇ ਅਤੇ ਪੈਟਰੋਲ ਪੰਪਾਂ ’ਤੇ), ਪੈਕੇਜਿੰਗ, ਪੈਕਿੰਗ ਮੈਟੀਰੀਅਲ, ਪਲਾਸਟਿਕ ਬੈਗਜ਼, ਸਾਈਕਲ/ਦੋ ਪਹੀਆ ਵਾਹ ਮੁਰੰਮਤ, ਭੱਠੇ, ਬਿਲਡਿੰਗ ਮਟੀਰੀਅਲ, ਹਾਰਡਵੇਅਰ ਤੇ ਸੈਨੇਟਰੀ ਨਾਲ ਸਬੰਧਤ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਕੁੱਝ ਇਲਾਕਿਆਂ ’ਚ ਸ਼ਰਤਾਂ ਸਹਿਤ ਦਿੱਤੀ ਗਈ ਹੈ।
ਇਨ੍ਹਾਂ ਸ਼ਰਤਾਂ ’ਚ ਸ਼ਹਿਰੀ ਇਲਾਕਿਆਂ ’ਚ ਸਾਰੀਆਂ ਸਾਲਮ ਦੁਕਾਨਾਂ, ਵਸੋਂ ਨੇੜਲੀਆਂ ਦੁਕਾਨਾਂ, ਬਜ਼ਾਰ ’ਚ ਸਥਿਤ ਦੁਕਾਨਾਂ, ਰਿਹਾਇਸ਼ੀ ਕੰਪਲੈਕਸਾਂ ’ਚ ਸਥਿਤ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੈ ਪਰੰਤੂ ਮਾਰਕੀਟ ਕੰਪਲੈਕਸਾਂ ਤੇ ਸ਼ਾਪਿੰਗ ਮਾਲਜ਼ ’ਚ ਨਹੀਂ।
ਇਸੇ ਤਰ੍ਹਾਂ ਪੇਂਡੂ ਇਲਾਕਿਆਂ ’ਚ ਉਕਤ ਚੋਣਵੀਂਆਂ ਦੁਕਾਨਾਂ ਜਿਹੜੀਆਂ ਸ਼ਾਪਸ ਤੇ ਐਸਟੈਬਲਿਸ਼ਮੈਂਟ ਐਕਟ ਤਹਿਤ ਰਜਿਸਟ੍ਰਡ ਹਨ, ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੇਂਡੂ ਖੇਤਰ ’ਚ ਸਥਿਤ ਮਲਟੀਬ੍ਰਾਂਡ ਅਤੇ ਸਿੰਗਲ ਬ੍ਰਾਂਡ ਮਾਲਜ਼ ਨੂੰ ਆਪਣੇ ਮੌਜੂਦਾ ਤੋਂ ਅੱਧੇ ਸਟਾਫ਼ ਨਾਲ ਖੋਲ੍ਹਣ ਦੀ ਇਜਾਜ਼ਤ ਹੋਵੇਗੀ।
ਈ-ਕਾਮਰਸ ਕੰਪਨੀਆਂ ਨੂੰ ਜ਼ਰੂਰੀ ਵਸਤਾਂ ਦੀ ਸੇਵਾਵਾਂ ਦੀ ਆਗਿਆ ਜਾਰੀ ਰਹੇਗੀ।
ਇਸ ਤੋਂ ਇਲਾਵਾ ਆਟਾ ਚੱਕੀਆਂ, ਕੋਰੀਅਰ ਸੇਵਾ, ਐਲ ਪੀ ਜੀ ਅਤੇ ਪੈਟਰੋਲ ਤੇ ਡੀਜ਼ਲ ਪੰਪਾਂ ਸਬੰਧੀ ਪਹਿਲੋਂ ਜਾਰੀ ਹੁਕਮ ਹੀ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸਬ ਡਿਵੀਜ਼ਨਲ ਮੈਜਿਸਟ੍ਰੇਟਾਂ ਨੂੰ ਜ਼ਰੂਰੀ ਸੇਵਾਵਾਂ ਦੀਆਂ ਇਨ੍ਹਾਂ ਚੋਣਵੀਂਆਂ ਦੁਕਾਨਾਂ ਦੇ ਖੁੱਲ੍ਹਣ ਨਾਲ ਭੀੜ-ਭੜੱਕਾ ਹੋਣ ਦੀ ਸੂਰਤ ’ਚ ਇਨ੍ਹਾਂ ਦੁਕਾਨਾਂ ਨੂੰ ‘ਰੋਟੇਸ਼ਨ ਵਾਰ’ ਉਕਤ ਸਮਾਂ ਸਾਰਣੀ ਅਨੁਸਾਰ ਹੀ ਖੋਲ੍ਹਣ ਲਈ ਅਧਿਕਾਰਤ ਕੀਤਾ ਹੈ।
ਦੁਕਾਨਦਾਰਾਂ ਨੂੰ ਉਕਤ ਦਿੱਤੇ ਗਏ ਹੁਕਮਾਂ ਵਿੱਚ ਕੋਵਿਡ-19 ਸਬੰਧੀ ਪ੍ਰੋਟੋਕੋਲ ਦੀ ਪਾਲਣਾ ਵਿੱਚ ਸੈਨੀਟਾਈਜ਼ਰ ਦੀ ਸੁਵਿਧਾ, ਘੱਟ ਤੋਂ ਘੱਟ 02 ਮੀਟਰ ਦੀ ਦੂਰੀ ਅਤੇ ਹਰੇਕ ਵਿਅਕਤੀ ਵਲੋਂ ਆਪਣੇ ਮੂੰਹ ’ਤੇ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਸਬੰਧਤ ਦੁਕਾਨ ਮਾਲਕ ਵਲੋਂ ਹਰ ਪ੍ਰਕਾਰ ਦੀਆਂ ਕੋਰੋਨਾ ਵਾਇਰਸ ਨਾਲ ਸਬੰਧਤ ਸਾਵਧਾਨੀਆਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ ਅਤੇ ਸੋਸ਼ਲ ਡਿਸਟੈਂਸਿੰਗ ਕਾਇਮ ਰੱਖਣ ਲਈ ਦੁਕਾਨ ਦੇ ਬਾਹਰ 2-2 ਮੀਟਰ ਦੀ ਦੂਰੀ ’ਤੇ ਚੂਨੇ ਆਦਿ ਨਾਲ ਸੜਕ ਦੇ ਇੱਕ ਪਾਸੇ ਸਰਕਲ ਬਣਾਏ ਜਾਣ ਅਤੇ ਇਨ੍ਹਾਂ ਸਰਕਲਾਂ ਵਿੱਚ ਹੀ ਗ੍ਰਾਹਕਾਂ ਨੂੰ ਖੜ੍ਹਾ ਕੀਤਾ ਜਾਵੇ। ਇਸ ਤੋਂ ਇਲਾਵਾ ਸਬੰਧਤ ਦੁਕਾਨ ਮਾਲਕ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਸਾਫ਼-ਸਫ਼ਾਈ ਤੇ ਸਿਹਤ ਅਰੋਗਤਾ ਸਬੰਧੀ ਜਾਰੀ ਕੀਤੀ ਸਲਾਹ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਉਣਗੇ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply