ਗਰਮ ਰੁੱਤ ਦੇ ਮਾਂਹ ਅਤੇ ਮੂੰਗੀ ਦੀ ਫਸਲ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉਣ ਦੀ ਜ਼ਰੂਰਤ: ਡਾ ਅਮਰੀਕ ਸਿੰਘ
ਪਠਾਨਕੋਟ 31 ਮਈ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਮੌਸਮੀ ਵਿੱਚ ਆਈ ਤਬਦੀਲੀ ਕਾਰਨ ਗਰਮ ਰੁੱਤ ਦੇ ਮਾਂਹ ੳਤੇ ਮੂੰਗੀ ਦੀ ਫਸਲ ਉੱਪਰ ਫਸਲੀ ਛੇਦਕ ਸੁੰਡੀ ਦਾ ਹਮਲਾ ਦੇਖਿਆ ਗਿਆ ਹੈ ਜਿਸ ਨੂੰ ਸਮੇਂ ਸਿਰ ,ਸਹੀ ਕੀਟਾਨਾਸ਼ਕ ਨੂੰ ਸਹੀ ਛਿੜਕਾਅ ਤਕਨੀਕਾਂ ਅਪਣਾ ਕੇ ਰੋਕਥਾਮ ਕਰਨ ਦੀ ਜ਼ਰਰਤ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਡਾ.ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਨੇ ਕਿਹਾ ਕਿ ਦਾਲਾਂ ਦੀ ਮਨੁੱਖੀ ਖਰਾਕ ਵਿੱਚ ਬਹੁਤ ਮਹੱਤਤਾ ਹੈ ਕਿਉਂਕਿ ਦਾਲਾਂ (ਮੂੰਗੀ,ਸੋਇਆਬੀਨ) ਪ੍ਰੋਟੀਨ ਦਾ ਮੁੱਖ ਸੋਮਾ ਹਨ।ਉਨਾਂ ਕਿਹਾ ਕਿ ਬਲਾਕ ਪਠਾਨਕੋਟ ਵਿੱਚ ਤਕਰੀਬਨ 105 ਏਕੜ ਵਿੱਚ ਗਰਮ ਰੁੱਤ ਦੇ ਮਾਂਹ ਅਤੇ ਮੂੰਗੀ ਦੀ ਕਾਸਤ ਕੀਤੀ ਗਈ ਹੈ। ਉਨਾਂ ਦੱਸਿਆ ਕਿ ਅਗਲੇ 10-15 ਦਿਨਾਂ ਬਾਅਦ ਫਸਲ ਪੱਕ ਕੇ ਤਿਆਰ ਹੋ ਜਾਵੇਗੀ।ਉਨਾਂ ਕਿਹਾ ਕਿ ਇਸ ਸਮੇਂ ਫਲੀਆਂ ਵਿੱਚ ਦਾਣੇ ਬਣ ਰਹੇ ਹਨ ਅਤੇ ਮੌਸਮੀ ਤਬਦੀਲੀਆਂ ਕਾਰਨ ਮੂੰਗੀ ਅਤੇ ਮਾਂਹਾਂ ਦੀ ਫਸਲ ਤੇ ਫਲੀ ਛੇਦਕ ਸੁੰਡੀ ਦਾ ਹਮਲਾ ਹੋ ਗਿਆ ਹੈ
ਜਿਸ ਦੀ ਸਮੇਂ ਸਿਰ ਰੋਕਥਾਮ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਫਲੀ ਛੇਦਕ ਕੀੜੇ ਦੀ ਸੁੰਡੀ ਮੂੰਗੀ ਦੇ ਪੱਤੇ,ਡੋਡੀਆਂ ਅਤੇ ਫੁੱਲਾਂ ਨੂੰ ਖਾ ਕੇ ਫਸਲ ਦਾ ਭਾਰੀ ਨੁਕਸਾਨ ਕਰ ਦਿੰਦੀ ਹੈ। ਉਨਾਂ ਕਿਹਾ ਕਿ ਕਿ ਇਸ ਸੁੰਡੀ ਦਾ ਰੰਗ ਹਰਾ ,ਪੀਲਾ,ਭੂਰਾ ਜਾਂ ਕਾਲਾ ਵੀ ਹੋ ਸਕਦਾ ਹੈ। ਉਨਾਂ ਦੱਸਿਆ ਕਿ ਇਸ ਸੁੰਡੀ ਦੇ ਹਮਲੇ ਦਾ ਪਤਾ ਨੁਕਸਾਨ ਵਾਲੇ ਪੱਤਿਆਂ,ਫਲੀਆਂ ਵਿੱਚ ਮੋਰੀਆਂ,ਬੂਟਿਆਂ ਹੇਠਾਂ ਜ਼ਮੀਨ ਉੱਤੇ ਗੂੜੇ ਹਰੇ ਰੰਗ ਦੀਆਂ ਬਿੱਠਾਂ ਤੋਂ ਲੱਗਦਾ ਹੈ।ਉਨਾਂ ਕਿਹਾ ਕਿ ਜੇਕਰ ਕੀੜੇ ਨਾਲ ਪ੍ਰਭਾਵਤ ਬੂਟੇ ਨੂੰ ਜੋਰ ਨਾਲ ਹਲਾਇਆ ਜਾਵੇ ਤਾਂ ਸੁੰਡੀਆਂ ਬੂਟੇ ਤੋਂ ਹੇਠਾਂ ਜ਼ਮੀਨ ਤੇ ਡਿੱਗ ਪੈਂਦੀਆਂ ਹਨ। ਉਨਾਂ ਕਿਹਾ ਕਿ ਜੇਕਰ ਇਸ ਕੀੜੇ ਦੀੰ ਸਮੇਂ ਸਿਰ ਰੋਕਥਾਮ ਨਾਂ ਕੀਤੀ ਜਾਵੇ ਤਾਂ ਫਸਲ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਉਨਾਂ ਕਿਹਾ ਕਿ ਇਸ ਕੀੜੇ ਦੀ ਰੋਕਥਾਮ ਲਈ ਏਕੀਕਿ੍ਰਤ ਕੀਟ ਰੋਕਥਾਮ ਪ੍ਰਣਾਲੀ ਅਪਨਾਉਣੀ ਚਾਹੀਦੀ ਹੈ;
ਉਨਾਂ ਕਿਹਾ ਕਿ ਇੱਕ ਏਕੜ ਰਕਬੇ ਵਿੱਚ ਪੰਛੀਆਂ ਦੇ ਬੈਠਣ ਲਈ ਅੰਗਰੇਜੀ ਦੇ ਅੱਖਰ ਟੀ ਵਰਗੇ 20 ਪਰਚ(ਬਸੇਰੇ) ਲਾਉਣੇ ਚਾਹੀਦੇ ਹਨ ਤਾਂ ਜੋ ਪੰਛੀ ਇਨਾਂ ਬਸੇਰਿਆਂ ਤੇ ਬੈਠ ਕੇ ਸੁੰਡੀਆਂ ਨੂੰ ਖਾ ਸਕਣ। ਉਨਾਂ ਕਿਹਾ ਕਿ ਫਲੀ ਛੇਦਕ ਸੁੰਡੀ ਦੀ ਰਸਾਇਣਕ ਰੋਕਥਾਮ ਲਈ 60 ਮਿਲੀ ਲਿਟਰ ਸਪਾਈਨੋਸੈਡ ਜਾਂ 200 ਮਿਲੀ ਲਿਟਰ ਇੰਡੋਕਸਾਕਾਰਬ ਜਾਂ 800 ਗ੍ਰਾਮ ਐਸੀਫੇਟ 75 ਐਸ ਪੀ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਨੈਪਸੈਕ ਪੰਪ ਨਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ।ਉਨਾਂ ਕਿਹਾ ਕਿ ਜੇਕਰ ਜ਼ਰੂਰਤ ਪਵੇ ਤਾਂ ਦੋ ਹਫਤਿਆਂ ਬਾਅਦ ਦੁਬਾਰਾ ਛਿੜਕਾਅ ਕਰੋ। ਉਨਾਂ ਕਿਹਾ ਕਿ ਜੇਕਰ ਤੰਬਾਕੂ ਸੁੰਡੀ ਡਾ ਹਮਲਾ ਹੂੰਦਾ ਹੈ ਤਾਂ 150 ਮਿਲੀਲਿਟਰ ਨੂਵਾਲਰੋਨ 10 ਈ ਸੀ ਜਾਂ 800 ਗ੍ਰਾਮ ਐਸੀਫੇਟ 75 ਐਸ ਪੀ ਜਾਂ 1.5 ਲਿਟਰ ਕਲੋਰੋਪਾਈਰੀਫਾਸ 20 ਈ ਸੀ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿਾਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp