80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ : ਡਾ.ਅਦਿੱਤੀ ਸਲਾਰੀਆ
— ਸਿਹਤ ਵਿਭਾਗ ਵੱਲੋਂ ਮਨਾਇਆ ਗਿਆ ਐਂਟੀ ਵਿਸ਼ਵ ਤੰਬਾਕੂ ਡੇਅ ਮਨਾਇਆ
ਪਠਾਨਕੋਟ,1ਜੂਨ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ,ਅਵਿਨਾਸ਼) : ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਸਿਵਲ ਸਰਜਨ ਦਫਤਰ ਪਠਾਨਕੋਟ ਵਿਖੇ ਵਿਸ਼ਵ ਐਂਟੀ ਤੰਬਾਕੂ ਦਿਵਸ ਮਨਾਇਆ ਗਿਆ। ਇਸ ਸੰਬੰਧੀ ਡਾ. ਅਦਿੱਤੀ ਸਲਾਰੀਆ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਵਿਸ਼ਵ ਨੋ ਤੰਬਾਕੂ ਦਿਵਸ ਹਰ ਸਾਲ 31 ਮਈ ਨੂੰ ਵਿਸ਼ਵ ਭਰ ਵਿਚ ਮਨਾਇਆ ਜਾਂਦਾ ਹੈ। ਤੰਬਾਕੂ ਇਕ ਨਸ਼ੀਲਾ ਪਦਾਰਥ ਹੈ ਜਿਸ ਨੂੰ ਬਹੁਤ ਸਾਰੇ ਲੋਕ ਛੋਟੀ ਉਮਰ ਵਿਚ ਹੀ ਖਾਣਾ ਸ਼ੁਰੂ ਕਰ ਦਿੰਦੇ ਹਨ। ਕਿਸ਼ੋਰ ਅਵਸਥਾ ਵਿਚ ਉਮਰ ਨਾਲੋਂ ਵੱਡਾ ਦਿਖਣ ਦੀ ਚਾਹਤ ਜਾਂ ਪ੍ਰਯੋਗ ਦੇ ਤੌਰ ਤੇ ਸਾਥੀਆਂ ਵਿਚ ਤੰਬਾਕੂ ਦੀ ਆਦਤ ਜਾਂ ਤਣਾਅਪੂਰਨ ਸਥਿਤੀ ਵਿਚ ਆਪਣੇ ਸਾਥੀਆਂ ਵਿੱਚ ਸਮਾਜਿਕ ਮਹੱਤਵ ਦੀ ਇੱਛਾ,ਤੰਬਾਕੂ ਦਾ ਸੇਵਨ ਸ਼ੁਰੂ ਕਰਨ ਨਾਲ ਜੁੜੇ ਕੁੱਝ ਕਾਰਨ ਹਨ। ਤੰਬਾਕੂ ਦਾ ਸੇਵਨ ਧੂੰਏ ਵਾਲਾ ਜਾਂ ਧੂੰਆਂ ਰਹਿਤ ਰੂਪ ਵਿਚ ਕੀਤਾ ਜਾਂਦਾ ਹੈ।
ਜ਼ਿਲਾ ਐਪੀਡਮੋਲੋਜਿਸਟ ਡਾ. ਵਨੀਤ ਬੱਲ ਨੇ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਮੂੰਹ, ਗਲਾ, ਖੁਰਾਕ ਨਲੀ, ਫੇਫੜਿਆਂ ਅਤੇ ਪੇਟ ਆਦਿ ਦਾ ਕੈਂਸਰ ਹੁੰਦਾ ਹੈ। ਕਿਉਂਕਿ ਇਸ ਵਿਚ ਨਿਕੋਟਿਨ ਸਹਿਤ 4 ਹਜਾਰ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ। ਦਿਲ ਦਾ ਦੌਰਾ, ਲਹੂ ਨਾੜੀਆਂ ਦਾ ਰੋਗ, ਹਾਈ ਬੀਪੀ, ਗੁਰਦੇ ਦੀ ਬਿਮਾਰੀ,ਸ਼ੂਗਰ ਆਦਿ ਇਸ ਦੇ ਕਾਰਨ ਹੋ ਸਕਦੇ ਹਨ। ਮਰਦਾਂ ਵਿਚ ਨਿਪੁੰਨਸਕਤਾ ਅਤੇ ਪ੍ਰਜਨਨ ਸ਼ਕਤੀ ਵਿਚ ਕਮੀ ਆ ਜਾਂਦੀ ਹੈ। ਗਰਭ ਅਵਸਥਾ ਦੌਰਾਨ ਤੰਬਾਕੂ ਦਾ ਸੇਵਨ ਕਰਨ ਨਾਲ ਘੱਟ ਭਾਰ ਵਾਲੇ ਬੱਚੇ ਦਾ ਜਨਮ ਹੁੰਦਾ ਹੈ। ਡਾਕਟਰ ਸਰਬਜੀਤ ਕੌਰ ਜ਼ਿਲਾ ਐਪੀਡੈਮੋਲੋਜਿਸਟ ਨੇ ਤੰਬਾਕੂ ਸੇਵਨ ਦੇ ਹੈਰਾਨੀਜਨਕ ਤੱਥਾਂ ਬਾਰੇ ਦੱਸਿਆ ਕਿ ਭਾਰਤ ਵਿਚ ਕਰੀਬ 35 ਫੀਸਦੀ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ, 21 ਫੀਸਦੀ ਲੋਕ ਬੀੜੀ ਸਿਗਰਟ ਪੀਣ ਦੇ ਨਾਲ ਨਾਲ ਖਾਣ ਵਾਲਾ ਤੰਬਾਕੂ ਵੀ ਵਰਤਦੇ ਹਨ।
ਭਾਰਤ ਵਿਚ ਤੰਬਾਕੂ ਦੀ ਵਰਤੋਂ ਕਰਨ ਦੀ ਔਸਤ ਉਮਰ 17 ਸਾਲ 8 ਮਹੀਨੇ ਹੈ ਜਦਕਿ ਇੱਕ ਬੱਚਾ ਬਾਲਗ ਵੀ ਨਹੀਂ ਹੋਇਆ ਹੁੰਦਾ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਵਰਤੋਂ ਕਰਨ ਵਾਲਾ ਦੇਸ਼ ਹੈ। ਕਰੀਬ 80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ। ਕਿਸੇ ਵੀ ਸਿੱਖਿਆ ਸੰਸਥਾ ਸਕੂਲ ਕਾਲਜ ਤੋਂ 100 ਮੀਟਰ ਦੇ ਅੰਦਰ ਅੰਦਰ ਸਿਗਰਟ ਅਤੇ ਹੋਰ ਤੰਬਾਕੂ ਵਾਲੀਆਂ ਚੀਜ਼ਾਂ ਨਹੀਂ ਵੇਚੀਆਂ ਜਾ ਸਕਦੀਆਂ। ਹੁੱਕਾ ਬਾਰ ਲਈ 50000 ਜੁਰਮਾਨਾ ਅਤੇ 3 ਸਾਲ ਦੀ ਸਜ਼ਾ, ਇ-ਸਿਗਰੇਟ ਲਈ 50000 ਜੁਰਮਾਨਾ ਅਤੇ 6 ਸਾਲ ਦੀ ਜੇਲ। ਇਸ ਮੌਕੇ ਡਾਕਟਰ ਰੇਖਾ ਜ਼ਿਲਾ ਸਿਹਤ ਅਫਸਰ, ਰਿੰਪੀ ਇੰਚਾਰਜ ਮਾਸ ਮੀਡੀਆ ਅਫਸਰ, ਅਵਿਨਾਸ਼ ਹੈਲਥ ਇੰਸਪੈਕਟਰ, ਗੁਰਦੀਪ, ਕੁਲਵਿੰਦਰ, ਰਵਿੰਦਰ ਆਦਿ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp