ਨੌਸ਼ਹਿਰਵੀ ਦਾ ਵਿਛੋੜਾ….. ਪੰਜਾਬੀ ਸਾਹਿਤ ਨੂੰ ਵੱਡਾ ਘਾਟਾ
ਚੰਡੀਗੜ੍ਹ/ਹੁਸ਼ਿਆਰਪੁਰ ( ਚੌਧਰੀ ) : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਪੰਜਾਬੀ ਦੇ ਚਰਚਿਤ ਕਵੀ, ਕਹਾਣੀਕਾਰ, ਆਲੋਚਕ ਅਤੇ ਸਿੱਖਿਆ ਸ਼ਾਸਤਰੀ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੇ ਸਦੀਵੀ ਵਿਛੋੜਾ ਦੇ ਜਾਣ ‘ਤੇ ਉਨ੍ਹਾਂ ਦੇ ਪਰਿਵਾਰ ਤੇ ਸਨੇਹੀਆਂ ਨਾਲ ਆਪਣੀ ਸੰਵੇਦਨਾ ਸਾਂਝੀ ਕਰਦੀ ਹੈ। ਮਾਝੇ ਦੇ ਪਿਛੋਕੜ ਵਾਲੇ ਬੂਟਾ ਸਿੰਘ ਪੰਨੂੰ ਉਰਫ਼ ਹਮਦਰਦਵੀਰ ਨੌਸ਼ਹਿਰਵੀ ਨੇ ਲੰਬਾ ਅਰਸਾ ਮਾਲਵਾ ਕਾਲਜ ਬੌਂਦਲੀ (ਸਮਰਾਲਾ) ਵਿਖੇ ਰਾਜਨੀਤੀ ਵਿਗਿਆਨ ਦਾ ਵਿਸ਼ਾ ਪੜ੍ਹਾਇਆ। ਸੱਠਵਿਆਂ ਵਿੱਚ ਕਾਵਿ-ਸੰਗ੍ਰਹਿ ‘ਧਰਤੀ ਭਰੇ ਹੁੰਗਾਰਾ ਵੇ’ ਨਾਲ ਆਪਣਾ ਸਾਹਿਤਕ ਸਫ਼ਰ ਸ਼ੁਰੂ ਕਰਨ ਵਾਲੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੇ ਸੱਤ ਕਾਵਿ-ਸੰਗ੍ਰਹਿ, ਬਾਰਾਂ ਕਹਾਣੀ ਸੰਗ੍ਰਹਿ ਤੇ ਇੱਕ ਆਲੋਚਨਾ ਦੀ ਪੁਸਤਕ ਨਾਲ ਪੰਜਾਬੀ ਸਾਹਿਤ ਜਗਤ ਵਿੱਚ ਹਾਜ਼ਰੀ ਲੁਆਈ।
‘ਕਾਲੇ ਲਿਖ ਨਾ ਲੇਖ’ ਉਨ੍ਹਾਂ ਦੀ ਸਵੈ-ਜੀਵਨੀ ਹੈ। ਉਨ੍ਹਾਂ ਦੀਆਂ ਕੁਝ ਮਹੱਤਵਪੂਰਨ ਪੁਸਤਕਾਂ ਹਨ: ‘ਧੁੱਪ ਉਜਾੜ ਤੇ ਰਾਹਗੀਰ’, ‘ਸਲੀਬ ਉੱਤੇ ਟੰਗਿਆ ਮਨੁੱਖ’, ‘ਬਰਫ਼ ਦੇ ਆਦਮੀ ਤੇ ਸੂਰਜ’, ‘ਨਿੱਕੇ ਨਿੱਕੇ ਹਿਟਲਰ’, ‘ਨੀਰੋ ਬੰਸਰੀ ਵਜਾ ਰਿਹਾ ਸੀ’, ‘ਮੇਰੇ ਹਿੱਸੇ ਦਾ ਅਸਮਾਨ’, ‘ਡਾਚੀ ਵਾਲਿਆ ਮੋੜ ਮੁਹਾਰ’, ‘ਗਵਾਚ ਗਏ ਟਾਪੂਆਂ ਦੀ ਤਲਾਸ਼’, ‘ਤੁਰਾਂ ਮੈਂ ਨਦੀ ਦੇ ਨਾਲ ਨਾਲ’, ‘ਤਪਦਾ ਥਲ ਨੰਗੇ ਪੈਰ’, ‘ਫੇਰ ਆਈ ਬਾਬਰਬਾਣੀ’ ਅਤੇ ‘ਕਾਲੇ ਸਮਿਆਂ ਦੇ ਨਾਲ ਨਾਲ’ ਆਦਿ।ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਇੱਕ ਸੰਵੇਦਨਸ਼ੀਲ ਇਨਸਾਨ ਤੇ ਪ੍ਰਤਿਬੱਧ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੇ ਗੁਜ਼ਰ ਜਾਣ ਨਾਲ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp