LUDHIANA : ਦੁਸਹਿਰੇ ਦਾ ਤਿਉਹਾਰ ਪੂਰੇ ਦੇਸ਼ ‘ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਤੇ ਇਸ ਦਿਨ ਲੋਕ ਬਦੀ ‘ਤੇ ਨੇਕੀ ਦੀ ਜਿੱਤ ਦੀ ਖੁਸ਼ੀ ‘ਚ ਰਾਵਣ ਦੇ ਪੁਤਲੇ ਸਾੜਦੇ ਹਨ। ਪਰ ਦੇਸ਼ ‘ਚ ਕੁਝ ਸਥਾਨ ਅਜਿਹੇ ਵੀ ਹਨ ਜਿਥੇ ਰਾਵਣ ਦੇ ਪੁਤਲੇ ਨੂੰ ਸਾੜਿਆ ਨਹੀਂ ਜਾਂਦਾ। ਅਜਿਹਾ ਇਕ ਸਥਾਨ ਪੰਜਾਬ ਦੇ ਹਲਕੇ ਪਾਇਲ ਦਾ ਹੈ ਜਿਥੇ ਦੁਬੇ ਬਿਰਾਦਰੀ ਦੇ ਲੋਕ ਦੁਸਹਿਰੇ ਵਾਲੇ ਦਿਨ ਰਾਵਨ ਨੂੰ ਸਾੜਨ ਦੀ ਬਜਾਏ ਉਸ ਦੀ ਪੂਜਾ ਕਰਦੇ ਹਨ।
ਇਹ ਪ੍ਰਥਾ 1835 ਈ. ਤੋਂ ਚੱਲ ਆ ਰਹੀ ਹੈ ਤੇ ਇਸ ਸਥਾਨ ‘ਤੇ 25 ਫੁੱਟ ਰਾਵਣ ਦਾ ਪੁਤਲਾ ਤੇ 175 ਸਾਲ ਪੁਰਾਣਾ ਮੰਦਰ ਵੀ ਹੈ ਜਿਥੇ ਭਗਵਾਨ ਸ਼੍ਰੀ ਰਾਮ ਚੰਦਰ ਜੀ, ਲਖਸ਼ਮਣ, ਹਨੂਮਾਨ ਤੇ ਸੀਤਾ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਦੁਸਹਿਰੇ ਤੋਂ ਕੁਝ ਦਿਨ ਪਹਿਲਾਂ ਦੇਸ਼ਾਂ ਵਿਦੇਸ਼ਾਂ ‘ਚੋਂ ਦੁਬੇ ਬਿਰਾਦਰੀ ਦੇ ਲੋਕ ਇਸ ਸਥਾਨ ‘ਤੇ ਪਹੁੰਚ ਜਾਂਦੇ ਹਨ ਤੇ ਰਾਮਲੀਲਾ ਦੀ ਸ਼ੁਰੂਆਤ ਨਾਲ ਦੁਸਹਿਰੇ ਦਾ ਆਯੋਜਨ ਕਰਦੇ ਹਨ। ਦੁਬੇ ਪਰਿਵਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ 7ਵੀਂ ਪੀੜ੍ਹੀ ਹੈ ਤੇ 1835 ਤੋਂ ਹੀ ਉਨ੍ਹਾਂ ਦੇ ਵੰਸ਼ਜ਼ ਵਲੋਂ ਰਾਵਣ ਦੀ ਪੂਜਾ ਕੀਤੀ ਜਾ ਰਹੀ ਹੈ। ਦੁਸਹਿਰੇ ਵਾਲੇ ਦਿਨ ਜਿਥੇ ਇਕ ਪਾਸੇ ਪੂਰੇ ਦੇਸ਼ ‘ਚ ਰਾਵਣ ਦੇ ਪੁਤਲਿਆਂ ਨੂੰ ਅੱਗ ਲਗਾਈ ਜਾਂਦੀ ਹੈ ਉਥੇ ਹੀ ਦੁਬੇ ਪਰਿਵਾਰ ਦੇ ਲੋਕਾਂ ਵਲੋਂ ਰਾਵਣ ਦੇ ਬੁੱਤ ਨੂੰ ਬੱਕਰੇ ਦਾ ਖੂਨ ਤੇ ਸ਼ਰਾਬ ਭੇਟ ਕੀਤੀ ਜਾਂਦੀ ਹੈ।
ਇਸ ਸਬੰਧੀ ਜਦੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮੰਦਰ ਦਾ ਇਤਿਹਾਸ ਕਾਫੀ ਪੁਰਾਣਾ ਹੈ ਤੇ ਦੁਬੇ ਵੰਸ਼ ਦੇ ਲੋਕ ਕਾਫੀ ਸਮੇਂ ਤੋਂ ਇਥੇ ਆ ਕੇ ਪੂਜਾ ਕਰਦੇ ਹਨ ਤੇ ਲੋਕ ਬਿਨ੍ਹਾਂ ਭੇਦਭਾਵ ਦੇ ਇਸ ਪੂਜਾ ‘ਚ ਸ਼ਾਮਲ ਹੁੰਦੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp