8 ਜੂਨ ਨੂੰ ਥਾਣਾ ਬਹਿਰਾਮਪੁਰ ਦੇ ਸਾਹਮਣੇ ਦੇਣ ਜਾ ਰਹੇ ਰੋਸ ਧਰਨੇ ਸੰਬੰਧੀ ਵੱਖ-ਵੱਖ ਪਿੰਡਾਂ ਵਿੱਚ ਹੋਈਆਂ ਮੀਟਿੰਗਾਂ
ਗੁਰਦਾਸਪੁਰ 3 ਜੂਨ ( ਅਸ਼ਵਨੀ ) :- ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ(ਇਫਟੂ) ਵੱਲੋਂ 8 ਜੂਨ ਨੂੰ ਥਾਣਾ ਬਹਿਰਾਮਪੁਰ ਦੇ ਸਾਹਮਣੇ ਦਿੱਤੇ ਜਾ ਰਹੇ ਰੋਸ ਧਰਨੇ ਦੀ ਤਿਆਰੀ ਸੰਬੰਧੀ ਵੱਖ-ਵੱਖ ਪਿੰਡਾਂ ਵਿੱਚ ਉਸਾਰੀ ਕਿਰਤੀਆਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ।
ਮਸਲੇ ਬਾਰੇ ਮੀਟਿੰਗਾਂ ਵਿੱਚ ਕਿਰਤੀਆਂ ਨੂੰ ਸੰਬੋਧਨ ਕਰਦਿਆਂ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ, ਜ਼ਿਲ੍ਹਾ ਪ੍ਰਧਾਨ ਜੋਗਿੰਦਰਪਾਲ ਪਨਿਆੜ ਅਤੇ ਸੁਖਦੇਵਰਾਜ ਬਹਿਰਾਮਪੁਰ ਨੇ ਕਿਹਾ ਕਿ ਦੋਦਵਾਂ ਪਿੰਡ ਦਾ ਇਕ ਵਿਅਕਤੀ ਪਿਛਲੇ ਲੰਮੇ ਸਮੇਂ ਤੋਂ ਲੱਕੜ ਦਾ ਕੰਮ ਕਰਨ ਵਾਲੇ ਅਸ਼ਵਨੀ ਕੁਮਾਰ ਦੇ ਦਿਹਾੜੀ ਦੇ ਪੈਸੇ ਦੇਣ ਤੋਂ ਇਨਕਾਰ ਕਰ ਰਿਹਾ ਹੈ।ਮਾਮਲੇ ਨੂੰ ਜਦ ਪੁਲਿਸ ਥਾਣਾ ਬਹਿਰਾਮਪੁਰ ਵਿਖੇ ਲਿਜਾਇਆ ਗਿਆ ਤਾਂ ਐੱਸ.ਐੱਚ.ਓ ਵੱਲੋਂ ਮਸਲੇ ਨੂੰ ਹੱਲ ਕਰਨ ਦੇ ਨਾਮ ਤੇ ਲਗਾਤਾਰ ਦੇਣਦਾਰ ਦਾ ਪੱਖ ਪੂਰਿਆ ਜਾ ਰਿਹਾ ਹੈ।ਲਾੱਕਡਾਊਨ ਹੋਣ ਤੋਂ ਪਹਿਲਾਂ ਐੱਸ.ਐੱਚ.ਓ ਬਹਿਰਾਮਪੁਰ ਦੇ ਸਾਹਮਣੇ ਦੇਣਦਾਰ ਵੱਲੋਂ ਬਾਕੀ ਰਹਿੰਦੀ ਰਕਮ ਦੇਣਾ ਮੰਨਿਆ ਸੀ ਪਰ ਲਾੱਕਡਾਊਨ ਹੋ ਜਾਣ ਤੋਂ ਬਾਅਦ ਉਸ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਪੈਸੇ ਦਿਵਾਉਣ ਦੀ ਬਜਾਇ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਸੀ।
ਜ਼ਿਲ੍ਹਾ ਦਫਤਰ ਸਕੱਤਰ ਜੋਗਿੰਦਰਪਾਲ ਘੁਰਾਲਾ ਅਤੇ ਜਤਿੰਦਰ ਕੁਮਾਰ ਬਿੱਟੂ ਈਸੇਪੁਰ ਨੇ ਕਿਹਾ ਕਿ ਦੋਦਵਾਂ ਦੇ ਲੱਕੜ ਮਿਸਤਰੀ ਦੀ ਮਜ਼ਦੂਰੀ ਦੇ ਪੈਸੇ ਦਿਵਾਉਣ ਲਈ ਉਹਨਾਂ ਨੇ ਫਰਵਰੀ 28 ਨੂੰ ਪਿੰਡ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਉਸ ਸਮੇਂ ਵੀ ਐੱਸ.ਐੱਚ.ਓ ਪੁਲਿਸ ਥਾਣਾ ਬਹਿਰਾਮਪੁਰ ਵੱਲੋਂ ਪੈਸੇ ਦਿਵਾਉਣ ਦਾ ਭਰੋਸਾ ਦਿਵਾਇਆ ਸੀ।ਉਹਨਾਂ ਕਿਹਾ ਕਿ ਹੁਣ 8 ਜੂਨ ਨੂੰ ਪੁਲਿਸ ਥਾਣੇ ਦਾ ਘਿਰਾਓ ਕੀਤਾ ਜਾਵੇਗਾ।
ਆਗੂਆਂ ਨੇ ਮੀਟਿੰਗ ਵਿੱਚ ਹਾਜ਼ਿਰ ਕਿਰਤੀਆਂ ਨੂੰ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।ਇਸ ਮੌਕੇ ਵੱਖ-ਵੱਖ ਥਾਵਾਂ ਤੇ ਅਰਜੁਨ ਸਿੰਘ ਬਾਲਾ-ਪਿੰਡੀ, ਸਰਵਣ ਕੁਮਾਰ ਰਾਏਪੁਰ, ਹਰਮਿੰਦਰ ਸਿੰਘ ਬਾਠਾਂਵਾਲ, ਗੁਰਮੀਤ ਸਿੰਘ, ਜਤਿੰਦਰ ਕੁਮਾਰ ਨੀਵਾਂ ਧਕਾਲਾ, ਅਤੇ ਆਹਲੂਵਾਲ ਤੋਂ ਫਕੀਰ ਚੰਦ ਆਦਿ ਹਾਜ਼ਿਰ ਹੋਏ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp