ਤ੍ਰਿਪਤ ਬਾਜਵਾ ਨੇ ਫ਼ਤਿਹਗੜ ਚੂੜੀਆਂ ਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਨੂੰ ਚੌੜਿਆਂ ਤੇ ਮਜ਼ਬੂਤ ਕਰਨ ਦੇ ਨੀਂਹ ਪੱਥਰ ਰੱਖੇ
— ਕੋਰੋਨਾ ਵਾਇਰਸ ਦੀ ਜੰਗ ਦੇ ਨਾਲ ਸੂਬੇ ਦੇ ਵਿਕਾਸ ਕਾਰਜ ਵੀ ਰਹਿਣਗੇ ਜਾਰੀ : ਤ੍ਰਿਪਤ ਬਾਜਵਾ
ਬਟਾਲਾ, 7 ਜੂਨ ( ਸੰਜੀਵ , ਅਵਿਨਾਸ਼ ) : ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਤੇ ਤਾਲਾਬੰਦੀ ਤੋਂ ਬਾਅਦ ਪੰਜਾਬ ਸਰਕਾਰ ਨੇ ਤਰੱਕੀ ਦੀ ਰਫ਼ਤਾਰ ਨੂੰ ਤੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵਲੋਂ ਅੱਜ ਦੂਜੇ ਦਿਨ ਵੀ ਹਲਕਾ ਫ਼ਤਿਹਗੜ ਚੂੜੀਆਂ ਦੇ ਪਿੰਡਾਂ ਦੀ ਲਿੰਕ ਸੜਕਾਂ ਨੂੰ ਚੌੜਿਆਂ ਤੇ ਮਜ਼ਬੂਤ ਕਰਨ ਦੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ ਹੈ।ਕੈਬਨਿਟ ਮੰਤਰੀ ਸ. ਬਾਜਵਾ ਨੇ ਅੱਜ ਅੰਮਿ੍ਰਤਸਰ-ਬਟਾਲਾ ਜੀ.ਟੀ. ਰੋਡ, ਸੈਦ ਮੁਬਾਰਕ ਤੋਂ ਬੱਲ ਪੁਰੀਆਂ, ਟਾਹਲੀ ਸਾਹਿਬ ਰਾਹੀਂ ਉਦੋਕੇ ਰੋਡ ਤੱਕ ਸੜਕ ਨੂੰ 10 ਤੋਂ 16 ਫੁੱਟ ਚੌੜਾ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਹੈ।ਇਸ ਸੜਕ ਦੀ ਲੰਬਾਈ 9.58 ਕਿਲੋਮੀਟਰ ਹੈ ਅਤੇ ਇਸ ਪ੍ਰੋਜੈਕਟ ਉੱਪਰ 372.91 ਲੱਖ ਰੁਪਏ ਲਾਗਤ ਆਵੇਗੀ। ਸ. ਬਾਜਵਾ ਨੇ ਅੱਜ ਦੂਸਰਾ ਨੀਂਹ ਪੱਥਰ ਕਾਲਾ ਅਫ਼ਗਾਨਾਂ ਤੋਂ ਭਾਲੋਵਾਲੀ ਅਪਟੂ ਅੰਮਿ੍ਰਤਸਰ ਰੋਡ ਤੱਕ ਜਾਣ ਵਾਲੀ ਸੜਕ ਦਾ ਰੱਖਿਆ ਹੈ।
ਇਸ ਸੜਕ ਨੂੰ ਵੀ 10 ਫੁੱਟ ਤੋਂ 16 ਫੁੱਟ ਚੌੜਿਆਂ ਕੀਤਾ ਜਾ ਰਿਹਾ ਹੈ ਅਤੇ 6.80 ਕਿਲੋਮੀਟਰ ਇਸ ਸੜਕ ਦੇ ਨਿਰਮਾਣ ਉੱਪਰ 244.45 ਲੱਖ ਰੁਪਏ ਦੀ ਲਾਗਤ ਆਵੇਗੀ। ਇਹ ਸੜਕਾਂ ਪੰਜਾਬ ਮੰਡੀ ਬੋਰਡ ਵਲੋਂ ਬਣਾਈਆਂ ਜਾਣਗੀਆਂ।ਸੜਕਾਂ ਦੇ ਨੀਂਹ ਪੱਥਰ ਰੱਖਣ ਮੌਕੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਿਥੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਵਾਇਰਸ ਦੀ ਜੰਗ ਲੜੀ ਜਾ ਰਹੀ ਹੈ ਉਸਦੇ ਨਾਲ ਹੀ ਸੂਬੇ ਦੇ ਵਿਕਾਸ ਵਿੱਚ ਵੀ ਕੋਈ ਕਮੀਂ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਭਾਂਵੇ ਕੋਰੋਨਾ ਸੰਕਟ ਕਾਰਨ ਸੂਬੇ ਨੂੰ ਵਿੱਤੀ ਤੰਗੀ ਦਾ ਸਾਹਮਣਾ ਕਰਨਾ ਪਿਆ ਹੈ ਪਰ ਇਸਦੇ ਬਾਵਜੂਦ ਵੀ ਰਾਜ ਸਰਕਾਰ ਵੱਲੋਂ ਆਮਦਨ ਦੇ ਸਾਧਨ ਜੁਟਾ ਕੇ ਵਿਕਾਸ ਕਾਰਜਾਂ ਨੂੰ ਜਾਰੀ ਰੱਖਿਆ ਜਾਵੇਗਾ।
ਉਨਾਂ ਕਿਹਾ ਕਿ ਹਲਕਾ ਫਤਿਹਗੜ ਚੂੜੀਆਂ ਦੇ ਵੱਖ-ਵੱਖ ਪਿੰਡਾਂ ਨੂੰ ਲਿੰਕ ਕਰਦੀਆਂ 6 ਮੁੱਖ ਲਿੰਕ ਸੜਕਾਂ ਨੂੰ ਚੌੜਿਆਂ ਅਤੇ ਮਜ਼ਬੂਤ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਉੱਪਰ ਕਰੀਬ 15.55 ਕਰੋੜ ਰੁਪਏ ਲਾਗਤ ਆ ਰਹੀ ਹੈ। ਉਨਾਂ ਕਿਹਾ ਕਿ ਹਲਕੇ ਦੇ ਲੋਕਾਂ ਦੀ ਇਹ ਬੜੀ ਪੁਰਾਣੀ ਮੰਗ ਸੀ ਜਿਸ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੂਰਾ ਕੀਤਾ ਗਿਆ ਹੈ। ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਹਲਕਾ ਫਤਿਹਗੜ ਚੂੜੀਆਂ ਦੇ ਵਿਕਾਸ ਵਿਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ।ਇਸ ਮੌਕੇ ਐਕਸੀਅਨ ਮੰਡੀ ਬੋਰਡ ਸ. ਅਨੂਪ ਸਿੰਘ ਮਾਂਗਟ, ਐੱਸ.ਡੀ.ਓ. ਗੁਰਵਿੰਦਰ ਸਿੰਘ, ਸਿਕੰਦਰ ਸਿੰਘ ਪੀ.ਏ ਅਤੇ ਇਲਾਕੇ ਦੇ ਹੋਰ ਮੋਹਤਬਰ ਵੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp