— ਹੰਸਲੀ ਪੁੱਲ ਤੋਂ ਰਾਮਗੜ੍ਹੀਆ ਹਾਲ ਤੱਕ 1.33 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਦੇ ਸੜਕ ਦੇ ਨਿਰਮਾਣ ਦਾ ਕੰਮ ਜਾਰੀ
ਬਟਾਲਾ, 9 ਜੂਨ ( ਸੰਜੀਵ ਨਈਅਰ , ਅਵਿਨਾਸ਼ ) : ਪੰਜਾਬ ਸਰਕਾਰ ਵਲੋਂ ਜਿਥੇ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਮਿਸ਼ਨ ਫ਼ਤਿਹ ਚਲਾਇਆ ਜਾ ਰਿਹਾ ਹੈ ਉਥੇ ਨਾਲ ਹੀ ਸੂਬੇ ਦੀ ਤਰੱਕੀ ਲਈ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਤਿਹਾਸਕ ਸ਼ਹਿਰ ਬਟਾਲਾ ਦੇ ਵਿਕਾਸ ਵੱਲ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਬੀਤੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਹੋਏ ਹਨ ਅਤੇ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਯਤਨਾ ਸਦਕਾ ਸ਼ਹਿਰ ਵਿੱਚ ਵਿਕਾਸ ਕਾਰਜ ਦੁਬਾਰਾ ਸ਼ੁਰੂ ਹੋ ਗਏ ਹਨ।
ਪੰਜਾਬ ਸਰਕਾਰ ਵਲੋਂ ਬਟਾਲਾ ਵਾਸੀਆਂ ਦੀ ਸਹੂਲਤ ਲਈ ਆਰ.ਆਰ. ਬਾਵਾ ਕਾਲਜ ਲਾਗੇ ਹੰਸਲੀ ਪੁੱਲ ਤੋਂ ਲੈ ਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਤੱਕ ਨਵਾਂ ਸੀਵਰੇਜ ਪਾ ਕੇ ਪੱਕੀ ਸੜਕ ਬਣਾਈ ਜਾ ਰਹੀ ਹੈ। ਇਸ ਪ੍ਰੋਜੈਕਟ ਉੱਪਰ ਰਾਜ ਸਰਕਾਰ ਵਲੋਂ 1 ਕਰੋੜ 33 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਸੜਕ ਦੇ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ।ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਗੁਰਦਾਸਪੁਰ ਦੇ ਮੈਂਬਰ ਗੌਤਮ ਸੇਠ ਗੁੱਡੂ ਅਤੇ ਸੀਨੀਅਰ ਆਗੂ ਸੁਖਦੀਪ ਸਿੰਘ ਤੇਜਾ ਵਲੋਂ ਆਰ.ਆਰ. ਬਾਵਾ ਕਾਲਜ ਦੇ ਸਾਹਮਣੇ ਬਣ ਰਹੀ ਸੜਕ ਦਾ ਮੁਆਇਨਾ ਕੀਤਾ ਗਿਆ।
ਇਸ ਮੌਕੇ ਗੁੱਡੂ ਸੇਠ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਰਫਿਊ ਤੋਂ ਬਾਅਦ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਇਹ ਪ੍ਰੋਜੈਕਟ ਨੇਪਰੇ ਚੜ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਪਹਿਲਾਂ ਵੀ ਬਟਾਲਾ ਸ਼ਹਿਰ ਵਿੱਚ ਰਿਕਾਰਡ ਵਿਕਾਸ ਕਾਰਜ ਹੋਏ ਹਨ ਅਤੇ ਜਿਹੜੇ ਕੰਮ ਰਹਿ ਗਏ ਸਨ ਉਨ੍ਹਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਪੂਰਾ ਕਰ ਦਿੱਤਾ ਜਾਵੇਗਾ। ਸੁਖਦੀਪ ਸਿੰਘ ਤੇਜਾ ਅਤੇ ਗੌਤਮ ਸੇਠ ਨੇ ਬਟਾਲਾ ਸ਼ਹਿਰ ਵਿੱਚ ਵਿਕਾਸ ਕਾਰਜ ਸ਼ੁਰੂ ਕਰਨ ’ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp