ਗੜਸ਼ੰਕਰ 10 ਜੂਨ( ਅਸ਼ਵਨੀ ਸ਼ਰਮਾ ) : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪੱਧਰੀ ਸੱਦੇ ਤੇ ਯੂਨੀਅਨ ਦੇ ਬਲਾਕ ਸੜੋਆ ਯੂਨਿਟ ਵੱਲੋਂ ਪੇਂਡੂ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸੜੋਆ ਰਾਹੀਂ ਦਿੱਤਾ ਗਿਆ। ਜਥੇਬੰਦੀ ਦੇ ਆਗੂ ਬਗੀਚਾ ਸਿੰਘ ਸਹੂੰਗੜਾ ਨੇ ਦੱਸਿਆ ਕਿ ਇਸ ਮੰਗ ਪੱਤਰ ਰਾਹੀਂ ਮਜ਼ਦੂਰਾਂ ਦੇ ਸਰਕਾਰੀ, ਸਹਿਕਾਰੀ, ਗੈਰ ਸਰਕਾਰੀ ਕਰਜ਼ਿਆਂ ਤੇ ਲੀਕ ਮਾਰਨ, ਪੰਜ-ਪੰਜ ਮਰਲਿਆਂ ਦੇ ਰਿਹਾਇਸ਼ੀ ਪਲਾਟ ਦੇਣ,ਮਕਾਨ ਉਸਾਰੀ ਲਈ ਗ੍ਰਾਂਟ ਦੇਣ ,ਮਜ਼ਦੂਰਾਂ ਨੂੰ ਵਾਹੀ ਯੋਗ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਸਸਤੇ ਰੇਟ ਉੱਤੇ ਦੇਣ, ਮਨਰੇਗਾ ਕਾਮਿਆਂ ਨੂੰ ਲੋਕ ਡਾਉਨ ਸਮੇਂ ਦਾ ਦਸ ਹਜ਼ਾਰ ਰੁਪਏ ਪ੍ਰਤੀ ਕਾਮਾ ਦੇਣ ਦੀ ਮੰਗ ਕੀਤੀ ਗਈ ।
ਜਥੇਬੰਦੀ ਦੇ ਜਿਲ੍ਹਾ ਆਗੂ ਅਸ਼ੋਕ ਕੁਲਾਰ ਨੇ ਆਖਿਆ ਕਿ ਸਰਕਾਰ ਵੱਲੋਂ ਨੋਟੀਫਕੇਸ਼ਨ ਜਾਰੀ ਕਰਨ ਦੇ ਬਾਵਜੂਦ ਮਜ਼ਦੂਰਾਂ ਦੇ ਸਿਰ ਉੱਤੇ ਸਹਿਕਾਰੀ ਸਭਾਵਾਂ ਦੇ ਕਰਜ਼ਿਆਂ ਦੀ ਤਲਵਾਰ ਲਟਕ ਰਹੀ ਹੈ। ਸਰਕਾਰ ਦੇ ਵਾਰ ਵਾਰ ਕੀਤੇ ਵਾਅਦਿਆਂ ਦੇ ਬਾਵਜੂਦ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਨਹੀਂ ਦਿੱਤੇ ਗਏ, ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮਜ਼ਦੂਰਾਂ ਦੀਆਂ ਉਕਤ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਦੀ ਜਥੇਬੰਦੀ ਮੰਗਾਂ ਦੀ ਪੂਰਤੀ ਲਈ ਪੰਜਾਬ ਪੱਧਰ ਤੇ ਤਿੱਖਾ ਸੰਘਰਸ਼ ਛੇੜੇਗੀ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਆਗੂ ਗੁਰਦਿਆਲ ਰੱਕੜ,ਸਬਰਜੀਤ ਸਹੂੰਗੜਾ, ਹਰਭਜਨ ਸਿੰਘ ਸਹੂੰਗੜਾ, ਜਸਵਿੰਦਰ ਕੌਰ, ਸੁਰਜੀਤ ਸਹੂੰਗੜਾ,ਸੁਰਿੰਦਰ ਅਤੇ ਸੁਰਜੀਤ ਸੜੋਆ, ਪਰਮਜੀਤ ਪੰਚ ਸੜੋਆ, ਜਗੀਰੋ ਸੜੋਆ,ਰਾਣੀ, ਜਸਵਿੰਦਰਜੀਤ ਮਾਨ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp