— ਵੱਖ-ਵੱਖ ਜ਼ਿਲ੍ਹਿਆਂ ਤੋਂ ਟਰੱਸਟ ਨੂੰ ਲਿਸਟਾਂ ਪਹੁੰਚਣੀਆਂ ਸ਼ੁਰੂ
ਲੋਕਾਂ ਦੀਆਂ ਖੁਸ਼ੀਆਂ ‘ਚੋਂ ਆਪਣੀਆਂ ਖੁਸ਼ੀਆਂ ਲੱਭਣ ਵਾਲਿਆਂ ਨੂੰ ਭੁੱਖਿਆਂ ਨਹੀਂ ਰਹਿਣ ਦੇਵਾਂਗੇ : ਡਾ.ਓਬਰਾਏ
ਅੰਮ੍ਰਿਤਸਰ,12 ਜੂਨ : ਆਪਣੀ ਨਿੱਜੀ ਕਮਾਈ ‘ਚੋਂ ਕਰੋੜਾਂ ਰੁਪਏ ਖਰਚ ਕੇ ਪੂਰੀ ਦੁਨੀਆਂ ਅੰਦਰ ਵੱਡੇ ਸੇਵਾ ਕਾਰਜ ਕਰਨ ਵਾਲੇ ਡਾ.ਐਸ.ਪੀ.ਸਿੰਘ ਓਬਰਾਏ ਦੀ ਸਰਪ੍ਰਸਤੀ ਹੇਠ ਚੱਲਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੁਣ ਪੰਜਾਬ ਭਰ ‘ਚ ਲੋੜਵੰਦ ਕਿਨਰਾਂ ਨੂੰ ਵੀ ਸੁੱਕਾ ਰਾਸ਼ਨ ਦਿੱਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਨਜਿੱਠਣ ਲਈ ਉਨ੍ਹਾਂ ਵੱਲੋਂ ਹਰ ਮਹੀਨੇ ਕਰੀਬ 60 ਹਜ਼ਾਰ ਲੋੜਵੰਦ ਪਰਿਵਾਰਾਂ ਭਾਵ 3 ਲੱਖ ਲੋਕਾਂ ਨੂੰ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਟਰੱਸਟ ਦੀਆਂ ਟੀਮਾਂ ਰਾਹੀਂ ਅਤੇ ਮੀਡੀਆ ‘ਚ ਆਈਆਂ ਕੁਝ ਖਬਰਾਂ ਤੋਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਲੋਕਾਂ ਦੀਆਂ ਖੁਸ਼ੀਆਂ ‘ਚੋਂ ਹੀ ਆਪਣੀਆਂ ਖੁਸ਼ੀਆਂ ਲੱਭਣ ਵਾਲੇ ਕਿਨਰਾਂ ਦੇ ਬਹੁਤ ਸਾਰੇ ਮੈਂਬਰਾਂ ਦਾ ਵੀ ਇਸ ਬਿਪਤਾ ਭਰੀ ਘੜੀ ‘ਚ ਗੁਜ਼ਾਰਾ ਔਖਾ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਨੂੰ ਵੇਖਦਿਆਂ ਹੋਇਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਫ਼ੈਸਲਾ ਕੀਤਾ ਹੈ ਕਿ ਜੂਨ ਮਹੀਨੇ ਤੋਂ ਇਸ ਵਰਗ ਨੂੰ ਵੀ ਆਉਂਦੇ ਚਾਰ ਮਹੀਨਿਆਂ ਲਈ ਹਰ ਮਹੀਨੇ ਇੱਕ-ਇੱਕ ਮਹੀਨੇ ਦਾ ਸੁੱਕਾ ਰਾਸ਼ਨ ਦਿੱਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਟਰੱਸਟ ਦੀਆਂ ਟੀਮਾਂ ਰਾਹੀਂ ਉਨ੍ਹਾਂ ਕੋਲ ਇਸ ਵਰਗ ਦੀਆਂ ਲਿਸਟਾਂ ਪਹੁੰਚਣੀਆਂ ਵੀ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜੋ ਵੀ ਇਸ ਵਰਗ ਨਾਲ ਸਬੰਧਤ ਲੋੜਵੰਦ ਹੈ,ਉਹ ਵੀ ਟਰੱਸਟ ਦੇ ਪਟਿਆਲਾ ਵਿਖੇ ਸਥਿਤ ਮੁੱਖ ਦਫ਼ਤਰ ਜਾਂ ਆਪੋ-ਆਪਣੇ ਜ਼ਿਲ੍ਹੇ ਅੰਦਰ ਟਰੱਸਟ ਦੇ ਅਹੁਦੇਦਾਰਾਂ ਨੂੰ ਆਪਣਾ ਵੇਰਵਾ ਲਿਖਾ ਸਕਦਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਜਿੰਨਾ ਚਿਰ ਤੱਕ ਇਹ ਬਿਪਤਾ ਟਲ ਨਹੀਂ ਜਾਂਦੀ,ਉਨਾਂ ਚਿਰ ਤੱਕ ਉਹ ਸਾਰੇ ਸੇਵਾ ਕਾਰਜ ਨਿਰੰਤਰ ਨਿਭਾਉਂਦੇ ਰਹਿਣਗੇ ਬੇਸ਼ੱਕ ਕਰੋੜਾਂ ਰੁਪਏ ਖਰਚ ਹੋ ਜਾਣ।
Edited by :Choudhary
EDITOR
CANADIAN DOABA TIMES
Email: editor@doabatimes.com
Mob:. 98146-40032 whtsapp