ਬਟਾਲਾ, 14 ਜੂਨ ( ਅਵਿਨਾਸ਼,ਸੰਜੀਵ ਨਈਅਰ ) : ਰਾਜ ਸਰਕਾਰ ਵਲੋਂ ਬਟਾਲਾ ਸ਼ਹਿਰ ਦੇ ਅੰਦਰੂਨੀ ਭਾਗਾਂ ਵਿੱਚ ਅੱਗ ਬੁਝਾਉਣ ਲਈ ਵਿਸ਼ੇਸ਼ ਵਹੀਕਲ ਮੁਹੱਈਆ ਕਰਵਾਇਆ ਜਾਵੇਗਾ ਜੋ ਕਿ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਜਾ ਕੇ ਵੀ ਅੱਗ ਵਰਗੀਆਂ ਘਟਨਾਵਾਂ ਉੱਪਰ ਕਾਬੂ ਪਾ ਸਕੇਗਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਬਟਾਲਾ ਸ਼ਹਿਰ ਬਹੁਤ ਪੁਰਾਤਨ ਹੈ ਅਤੇ ਇਸਦੀ ਅੰਦਰੂਨੀ ਬਣਤਰ ਬਹੁਤ ਤੰਗ ਹੈ।
ਉਨਾਂ ਕਿਹਾ ਕਿ ਜਦੋਂ ਕਦੀ ਸ਼ਹਿਰ ਵਿੱਚ ਅੱਗ ਲੱਗਣ ਵਰਗੀ ਦੁਰਘਟਨਾ ਹੋ ਜਾਂਦੀ ਹੈ ਤਾਂ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਦਾ ਸ਼ਹਿਰ ਦੇ ਅੰਦਰ ਪਹੁੰਚਣਾ ਮੁਸ਼ਕਲ ਹੁੰਦਾ ਹੈ। ਉਨਾਂ ਕਿਹਾ ਕਿ ਇਸ ਸਾਰੀ ਸਥਿਤੀ ਨੂੰ ਦੇਖਦਿਆਂ ਹੋਇਆਂ ਉਨਾਂ ਨੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਬਟਾਲਾ ਸ਼ਹਿਰ ਲਈ ਅੱਗ ਬੁਝਾਉਣ ਵਾਲੇ ਮੋਟਰਸਾਈਕਲ ਟਾਈਪ ਵਿਸ਼ੇਸ਼ ਵਹੀਕਲ ਦੀ ਮੰਗ ਕੀਤੀ ਹੈ।
ਸ. ਚੀਮਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਹਿਰ ਦੀ ਫਾਇਰ ਸੇਫਟੀ ਦਾ ਪੂਰਾ ਪਲਾਨ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਡਿਸਪਲੇਅ ਕਰਨ। ਉਨਾਂ ਕਿਹਾ ਕਿ ਗਰਮੀਆਂ ਦੀ ਸੀਜ਼ਨ ਹੋਣ ਕਰਕੇ ਗਰਮੀ ਕਾਰਨ ਅੱਗ ਦੀਆਂ ਘਟਨਾਵਾਂ ਅਕਸਰ ਵਾਪਰ ਜਾਂਦੀਆਂ ਹਨ ਇਸ ਲਈ ਸ਼ਹਿਰ ਦੀ ਸੁੱਰਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਦੀ ਹੀ ਇਸਦਾ ਹੱਲ ਕੀਤਾ ਜਾਵੇਗਾ।
ਸ. ਚੀਮਾ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਚਕਰੀ ਬਜ਼ਾਰ ਵਿੱਚ ਇੱਕ ਦੁਕਾਨ ਨੂੰ ਅੱਗ ਲੱਗੀ ਸੀ ਜਿਸ ਕਾਰਨ ਕਾਫੀ ਮਾਲੀ ਨੁਕਸਾਨ ਹੋਇਆ ਸੀ। ਅਜਿਹੀਆਂ ਦੁਰਘਟਨਾਵਾਂ ਉੱਪਰ ਜਲਦੀ ਕਾਬੂ ਪਾਇਆ ਜਾ ਸਕੇ ਇਸ ਲਈ ਇੱਕ ਛੋਟਾ ਵਿਸ਼ੇਸ਼ ਫਾਇਰ ਵਹੀਕਲ ਲੋੜੀਂਦਾ ਹੈ। ਸ. ਚੀਮਾ ਨੇ ਕਿਹਾ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਉਨਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਬਟਾਲਾ ਦੀ ਸੁਰੱਖਿਆ ਲਈ ਇਹ ਛੋਟਾ ਫਾਇਰ ਸੇਫਟੀ ਵਾਹਨ ਮੁਹੱਈਆ ਕਰਾ ਦਿੱਤਾ ਜਾਵੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp