ਸ੍ਰੀ ਹਰਗੋਬਿੰਦਪੁਰ / ਬਟਾਲਾ, 15 ਜੂਨ (ਅਵਿਨਾਸ਼, ਸੰਜੀਵ ਨਈਅਰ ) : ਪੰਜਾਬ ਸਰਕਾਰ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਸਪਲਾਈ ਵਿੱਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਅਤੇ ਘਰੇਲੂ ਖਪਤਕਾਰਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਪਾਵਰਕਾਮ ਵਲੋਂ ਬਿਜਲੀ ਦੀਆਂ ਲਾਈਨਾਂ ਨੂੰ ਦਰੁਸਤ ਕਰਨ ਦੇ ਨਾਲ ਬਿਜਲੀ ਘਰਾਂ ਨੂੰ ਵੀ ਅਪਗਰੇਡ ਕੀਤਾ ਜਾ ਰਿਹਾ ਹੈ।ਇਹ ਪ੍ਰਗਟਾਵਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ.ਬਲਵਿੰਦਰ ਸਿੰਘ ਲਾਡੀ ਨੇ ਅੱਜ ਬਿਜਲੀ ਘਰ ਸ੍ਰੀ ਹਰਗੋਬਿੰਦਪੁਰ ਵਿਖੇ ਸ਼ਕਾਲਾ ਪਿੰਡ ਦੇ ਨਵੇਂ ਫੀਡਰ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਵਿਧਾਇਕ ਸ. ਲਾਡੀ ਨੇ ਕਿਹਾ ਕਿ ਪਹਿਲਾਂ ਪਿੰਡ ਸ਼ਕਾਲਾ ਅਤੇ ਮਚਰਾਵਾਂ ਪਿੰਡਾਂ ਦਾ ਫੀਡਰ ਇਕੱਠਾ ਹੋਣ ਕਰਕੇ ਬਿਜਲੀ ਦਾ ਵੱਧ ਲੋਡ ਸੀ ਜਿਸ ਕਾਰਨ ਬਿਜਲੀ ਸਪਲਾਈ ਵਿੱਚ ਤਕਨੀਕੀ ਖਰਾਬੀਆਂ ਆਉਂਦੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਸ਼ਕਾਲਾ ਫੀਡਰ ਨਵਾਂ ਸ਼ੁਰੂ ਹੋਣ ਨਾਲ ਮਚਰਾਵਾਂ ਫੀਡਰ ਤੋਂ ਵੀ ਲੋਡ ਘੱਟ ਗਿਆ ਹੈ ਅਤੇ ਦੋਵਾਂ ਫੀਡਰਾਂ ਦੀ ਸਪਲਾਈ ਹੁਣ ਬੇਹਤਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਕਿਸਾਨਾਂ ਨੂੰ ਖੇਤਾਂ ਲਈ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇਗੀ ਉਥੇ ਘਰੇਲੂ ਖਪਤਕਾਰਾਂ ਨੂੰ ਵੀ ਇਸਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸੂਬਾ ਵਾਸੀਆਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਮੌਕੇ ਪਾਵਰਕਾਮ ਦੇ ਅਧਿਕਾਰੀ ਵੀ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp