ਉੱਘੇ ਪੰਜਾਬੀ ਕਵੀ, ਆਲੋਚਕ ਅਤੇ ਭਾਸ਼ਾ ਸ਼ਾਸਤਰੀ ਪ੍ਰੋ. ਗੁਰਬਚਨ ਸਿੰਘ ਨਰੂਆਣਾ ਦਾ ਵਿਛੋੜਾ
ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਉੱਘੇ ਪੰਜਾਬੀ ਕਵੀ, ਆਲੋਚਕ ਅਤੇ ਭਾਸ਼ਾ ਸ਼ਾਸਤਰੀ ਪ੍ਰੋ. ਗੁਰਬਚਨ ਸਿੰਘ ਨਰੂਆਣਾ ਦੇ ਸਦੀਵੀ ਵਿਛੋੜਾ ਦੇ ਜਾਣ ‘ਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕਰਦੀ ਹੈ। ਪ੍ਰੋ. ਨਰੂਆਣਾ ਪੁਰ-ਖ਼ਲੂਸ ਇਨਸਾਨ ਤੇ ਗੰਭੀਰ ਸਾਹਿਤ ਚਿੰਤਕ ਸਨ। ਬਹੁ-ਭਾਸ਼ੀ ਮੁਹਾਰਤ ਵਾਲੇ ਪ੍ਰੋ. ਨਰੂਆਣਾ ਉਰਦੂ, ਫ਼ਾਰਸੀ, ਹਿੰਦੀ, ਸੰਸਕ੍ਰਿਤ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਦੇ ਗਿਆਤਾ ਸਨ।
ਉਨ੍ਹਾਂ ਨੇ ਲੰਬਾ ਸਮਾਂ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਪੰਜਾਬੀ ਵਿਭਾਗ ਵਿੱਚ ਸੇਵਾ ਕੀਤੀ। ਉਨ੍ਹਾਂ ਨੇ ‘ਸੋਰਠ ਬੀਜਾ ਗਾਵੀਏ’, ‘ਪੰਜਾਬੀ ਸਾਹਿਤ ਕੁਝ ਪਰਿਪੇਖ’ ਅਤੇ ‘ਇਸ਼ਕ ਝਨਾਂ’ ਰਚਿਤ ਵੈਦ ਇੰਦਰ ਸਿੰਘ (ਸੰਪਾਦਿਤ) ਤਿੰਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ‘ਚ ਪਾਈਆਂ। ਭਾਰਤੀ ਸਾਹਿਤ ਅਤੇ ਭਾਸ਼ਾਵਾਂ ਬਾਰੇ ਉਨ੍ਹਾਂ ਦਾ ਗਿਆਨ ਬਹੁਤ ਵਸੀਹ ਸੀ। ਉਨ੍ਹਾਂ ਨੇ ਰਾਹੁਲ ਸਾਂਕ੍ਰਿਤਯਾਯਨ ਦੀ ਸੰਸਾਰ ਪ੍ਰਸਿੱਧ ਪੁਸਤਕ ‘ਵੋਲਗਾ ਸੇ ਗੰਗਾ’ ਦਾ ਪੰਜਾਬੀ ਅਨੁਵਾਦ ਕੀਤਾ, ਜੋ ਅਜੇ ਅਣਪ੍ਰਕਾਸ਼ਿਤ ਹੈ। ਉਹ ਵੇਦਾਂ, ਉਪਨਿਸ਼ਦਾਂ ਤੇ ਭਾਰਤੀ ਪੌਰਾਣ ਸਾਹਿਤ ਦੇ ਗੰਭੀਰ ਪਾਠਕ ਸਨ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਇੱਕ ਸਨਿਮਰ ਲੇਖਕ, ਗੰਭੀਰ ਚਿੰਤਕ ਅਤੇ ਪ੍ਰਤਿਬੱਧ ਸਿੱਖਿਆ ਸ਼ਾਸਤਰੀ ਪ੍ਰੋ. ਗੁਰਬਚਨ ਸਿੰਘ ਨਰੂਆਣਾ ਦੇ ਅਕਾਲ ਚਲਾਣੇ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਅਤੇ ਅਸੀਂ ਇੱਕ ਸੁਹਿਰਦ ਵਡੇਰੇ ਦੀ ਅਗਵਾਈ ਤੋਂ ਵਾਂਝੇ ਹੋ ਗਏ ਹਾਂ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp