ਖੇਡ ਮੰਤਰੀ ਰਾਣਾ ਸੋਢੀ ਨੇ ਨਵ-ਨਿਯੁਕਤ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਖੇਡਾਂ ਵਿੱਚ ਪੰਜਾਬ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਸਤੇ ਪ੍ਰੇਰਿਆ
ਚੰਡੀਗੜ੍ਹ ,18 ਜੂਨ: ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਅਤੇ ਐਨ.ਆਰ.ਆਈਜ਼. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਨਵੇਂ ਭਰਤੀ ਹੋਏ 6 ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਅੱਜ ਇੱਥੇ ਨਿਯੁਕਤੀ ਪੱਤਰ ਸੌਂਪੇ।
ਇੱਥੇ ਆਪਣੀ ਰਿਹਾਇਸ਼ ਵਿਖੇ ਕਰਵਾਏ ਗਏ ਸੰਖੇਪ ਪ੍ਰੋਗਰਾਮ ਦੌਰਾਨ ਰਾਣਾ ਸੋਢੀ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀ.ਪੀ.ਐਸ.ਸੀ. ਰਾਹੀਂ ਚੁਣ ਕੇ ਆਏ ਇਨ੍ਹਾਂ ਨਵ ਨਿਯੁਕਤ ਉਮੀਦਵਾਰਾਂ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਸਮਰਪਣ ਭਾਵਨਾ ਨਾਲ ਕੰਮ ਕਰ ਕੇ ਜਿੱਥੇ ਖ਼ੁਦ ਤਰੱਕੀ ਦੀਆਂ ਬੁਲੰਦੀਆਂ ਛੂਹ ਸਕਦੇ ਹਨ, ਉਥੇ ਨੌਜਵਾਨਾਂ ਨੂੰ ਸਹੀ ਸੇਧ ਦੇ ਕੇ ਖੇਡਾਂ ਵਿੱਚ ਪੰਜਾਬ ਦੀ ਪੁਰਾਣੀ ਸ਼ਾਨ ਬਹਾਲ ਕਰ ਸਕਦੇ ਹਨ।
ਰਾਣਾ ਸੋਢੀ ਨੇ ਕਿਹਾ ਕਿ ਖੇਡਾਂ ਜ਼ਰੀਏ ਉਹ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਅ ਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਵੀ ਸਹੀ ਢੰਗ ਨਾਲ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਅਫ਼ਸਰਾਂ ਦੀ ਮੁਹਾਰਤ ਦਾ ਲਾਹਾ ਲੈ ਕੇ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁੱਲਿਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨਵ ਨਿਯੁਕਤ ਖੇਡ ਅਫ਼ਸਰਾਂ ਨੂੰ ਵਿਭਾਗ ਵਿੱਚ ਸ਼ਾਮਲ ਹੋਣ ਉਤੇ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਅੱਜ ਨਿਯੁਕਤੀ ਪੱਤਰ ਹਾਸਲ ਕਰਨ ਵਾਲਿਆਂ ਵਿੱਚ ਰੁਪੇਸ਼ ਕੁਮਾਰ, ਪਰਵਿੰਦਰ ਸਿੰਘ, ਰਣਬੀਰ ਸਿੰਘ ਭੰਗੂ, ਸੁਖਚੈਨ ਸਿੰਘ, ਸ਼ਾਸਵਤ ਰਾਜਦਾਨ ਅਤੇ ਗੁਰਦੀਪ ਕੌਰ ਸ਼ਾਮਲ ਹਨ। ਇਸ ਮੌਕੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਦੇ ਸਕੱਤਰ ਸ੍ਰੀ ਹੁਸਨ ਲਾਲ, ਡਾਇਰੈਕਟਰ ਡੀ.ਪੀ.ਐਸ. ਖਰਬੰਦਾ ਅਤੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp