— ਕਮਿਸ਼ਨਰ ਪੁਲਿਸ ਨੇ ਮਿਸ਼ਨ ਫ਼ਤਿਹ ਦੇ ਬੈਜ ਲਗਾਏ ਅਤੇ ਪੋਸਟਰਾਂ ਦੀ ਕੀਤੀ ਵੰਡ
ਅਮ੍ਰਿਤਸਰ, 20 ਜੂਨ ( ਰਾਜਨ ਮਾਨ ) : ਮਿਸ਼ਨ ਫ਼ਤਿਹ ਤਹਿਤ ਜ਼ਿਲੇ ਨੂੰ ਲੋਕਾਂ ਦੇ ਸਹਿਯੋਗ ਨਾਲ ਕੋਰੋਨਾ ਤੋਂ ਮੁਕਤ ਕਰਨ ਲਈ ਅੱਜ ਪੁਲਿਸ ਨੇ ਲੋਕਾਂ ਦੇ ਘਰਾਂ ਦੇ ਕੁੰਡੇ ਖੜਕਾ ਕੇ ਉਨ੍ਹਾਂ ਨੂੰ ਇਸ ਤੋਂ ਬਚਨ ਦਾ ਹੋਕਾ ਦਿੱਤਾ।ਇਸ ਮੁਹਿੰਮ ਤਹਿਤ ਅੱਜ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਅਧਿਕਾਰੀਆਂ, ਜਵਾਨਾਂ ਅਤੇ ਵਲੰਟੀਅਰਾਂ ਨੂੰ ਪੁਲਿਸ ਨਾਕਿਆਂ ‘ਤੇ ਡਿਊਟੀ ਦੇਣ ਦੇ ਨਾਲ-ਨਾਲ ਘਰ-ਘਰ ਪਹੁੰਚ ਕਰਕੇ ਲੋਕਾਂ ਨੂੰ ਕੋਵਿਡ-19 ਦੇ ਖਤਰੇ ਤੋਂ ਜਾਣੂੰ ਕਰਵਾ ਕੇ ਸਿਹਤ ਵਿਭਾਗ ਵੱਲੋਂ ਦਿੱਤੇ ਮੁੱਢਲੇ ਤਿੰਨ ਗੁਰ, ਜਿਸ ਵਿਚ ਮਾਸਕ ਪਾਉਣਾ, ਆਪਸੀ ਦੂਰੀ 2 ਗਜ਼ ਰੱਖਣੀ ਤੇ ਹੱਥਾਂ ਦੀ ਸਫਾਈ ਸ਼ਾਮਿਲ ਹੈ, ਦੀ ਜਾਣਕਾਰੀ ਦੇਣ ਦੀ ਹਦਾਇਤ ਕੀਤੀ। ਇਸ ਮੌਕੇ ਉਨਾਂ ਮਿਸ਼ਨ ਫ਼ਤਿਹ ਦੇ ਬੈਜ ਵੀ ਅਧਿਕਾਰੀਆਂ, ਜਵਾਨਾਂ ਅਤੇ ਵਲੰਟੀਅਰਾਂ ਨੂੰ ਲਗਾਏ ਅਤੇ ਮਿਸ਼ਨ ਯੋਧੇ ਬਣਨ ਲਈ ਪ੍ਰੇਰਿਆ।
ਡਾ ਗਿਲ ਨੇ ਇਸ ਮੌਕੇ ਆਖਿਆ ਕਿ ਜੇਕਰ ਆਪਾਂ ਸਾਰੇ ਆਪਣੇ ਸ਼ਹਿਰ, ਪਿੰਡ, ਰਾਜ ਅਤੇ ਦੇਸ਼ ਦੀ ਸੁਖ ਚਾਹੁੰਦੇ ਹਾਂ ਤਾਂ ਸਾਨੂੰ ਸਾਰੇ ਲੋਕਾਂ ਦਾ ਸਾਥ ਲੈਣਾ ਪਵੇਗਾ, ਕਿਉਂਕਿ ਕੋਵਿਡ-19 ਦਾ ਖ਼ਤਰਾ ਉਦੋਂ ਤੱਕ ਬਰਕਰਾਰ ਹੈ, ਜਦੋਂ ਤੱਕ ਸਾਡੇ ਸਾਰੇ ਨਾਗਰਿਕ ਇਸ ਤੋਂ ਬਚਣ ਲਈ ਅਪਨਾਈਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਪਾਲਣ ਨਹੀਂ ਕਰ ਲੈਂਦੇ। ਉਨਾਂ ਨੇ ਨਾਕਿਆਂ ਉਤੇ ਡਿਊਟੀਆਂ ਕਰਨ ਵਾਲੇ ਵਾਲੰਟੀਅਰਾਂ ਦੀਆਂ ਸੇਵਾਵਾਂ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਖੁਦ ਇਨਾਂ ਵਾਲੰਟੀਅਰਾਂ ਦੇ ਥਾਣਾ ਵਾਰ ਬਣਾਏ ਵਟਸਐਪ ਗਰੁੱਪਾਂ ਵਿੱਚ ਮੈਂਬਰ ਹਨ ਅਤੇ ਇਨਾਂ ਵੱਲੋਂ ਦਿੱਤੇ ਜਾਂਦੇ ਫੀਡਬੈਕ ਪੁਲਿਸ ਲਈ ਬਹੁਤ ਹੀ ਲਾਭਕਾਰੀ ਹੁੰਦੇ ਹਨ।
ਉਨਾਂ ਨੇ ਕੋਵਿਡ ਦੀ ਰੋਕਥਾਮ ਲਈ ਮੂੰਹ ‘ਤੇ ਮਾਸਕ, ਹੱਥ ਧੋਣ, ਸਮਾਜਿਕ ਦੂਰੀ ਦੇ ਸਿਧਾਂਤਾਂ ‘ਤੇ ਲੋਕਾਂ ਪਾਸੋਂ ਅਮਲ ਕਰਵਾਉਣ ਦਾ ਅਹਿਦ ਵੀ ਕਰਮਚਾਰੀਆਂ ਅਤੇ ਵਲੰਟੀਅਰਾਂ ਕੋਲੋਂ ਲਿਆ। ਉਨਾਂ ਦੱਸਿਆ ਕਿ ਹਰੇਕ ਥਾਣੇ ਦਾ ਐਸ ਐਚ ਓ ਆਪਣੇ ਖੇਤਰ ਅਧੀਨ ਬਣਾਈਆਂ ਗਈਆਂ ਹਰੇਕ ਪਿੰਡ ਦੀਆਂ ਟੀਮਾਂ ਵਿੱਚ ਮੈਂਬਰ ਰੱਖਿਆ ਗਿਆ ਹੈ।ਡੀ ਸੀ ਪੀ ਜਗਮਹੋਨ ਸਿੰਘ ਨੇ ਸਮੂਹ ਅਧਿਕਾਰੀਆਂ ਤੇ ਵਲੰਟੀਅਰਾਂ ਨੂੰ ਆਪੋ-ਆਪਣੇ ਮੋਬਾਇਲ ‘ਤੇ ਕੋਵਾ ਐਪ ਡਾਊਨ ਲੋਡ ਕਰਕੇ ‘ਜੁਆਇਨ ਮਿਸ਼ਨ ਫ਼ਤਿਹ’ ਰਾਹੀਂ ‘ਮਿਸ਼ਨ ਯੋਧੇ’ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਿਆ।
ਇਸ ਮਗਰੋਂ ਪੁਲਿਸ ਦੇ ਅਧਿਕਾਰੀ ਅਤੇ ਜਵਾਨ ਸ਼ਹਿਰ ਦੇ 22 ਥਾਣਾ ਖੇਤਰਾਂ ਵਿਚ ਪੈਂਦੇ ਆਪਣੇ-ਆਪਣੇ ਖੇਤਰਾਂ ਵਿਚ ਗਏ ਤੇ ਨਾਕਿਆਂ ਤੋਂ ਲੰਘਦੇ ਲੋਕਾਂ ਦੇ ਨਾਲ-ਨਾਲ ਅਬਾਦੀ ਵਿਚਲੇ ਘਰਾਂ ਵਿਚ ਜਾ ਕੇ ਲੋਕਾਂ ਨੂੰ ਕੋਵਿਡ-19 ਦੇ ਖ਼ਤਰੇ ਤੋਂ ਜਾਣੂੰ ਕਰਵਾ ਕੇ ਮਿਸ਼ਨ ਫਤਿਹ ਦਾ ਹਿੱਸਾ ਬਣਨ ਲਈ ਪ੍ਰੇਰਿਆ। ਜਵਾਨਾਂ ਨੇ ਇਸ ਮੌਕੇ ਸਾਵਧਾਨੀ ਦਰਸਾਉਂਦੇ ਪੋਸਟਰ ਲੋਕਾਂ ਵਿਚ ਵੰਡੇ ਅਤੇ ਕੋਵਾ ਐਪ ਵੀ ਲੋਕਾਂ ਦੇ ਫੋਨ ਵਿਚ ਡਾਊਨਲੋਡ ਕਰਵਾ ਕੇ ਉਨਾਂ ਨੂੰ ਸਾਵਧਾਨੀਆਂ ਦਾ ਪਾਲਣ ਕਰਨ ਤੇ ਇਸਦਾ ਪ੍ਰਚਾਰ ਕਰਨ ਲਈ ਪ੍ਰੇਰਿਆ। ਇਸ ਮੁਹਿੰਮ ਵਿਚ ਡੀ ਸੀ ਪੀ ਸ੍ਰੀ ਮੁਖਵਿੰਦਰ ਸਿੰਘ ਭੁੱਲਰ, ਏ. ਡੀ. ਸੀ. ਪੀ. ਡਾ. ਸਿਮਰਤ ਕੌਰ, ਏ ਸੀ ਪੀ ਸ੍ਰੀ ਸੁਸ਼ੀਲ ਕੁਮਾਰ, ਏ. ਡੀ. ਸੀ. ਪੀ. ਸ. ਹਰਪਾਲ ਸਿੰਘ, ਏ ਡੀ ਸੀ ਪੀ ਸ. ਹਰਜੀਤ ਸਿੰਘ ਧਾਲੀਵਾਲ, ਇੰਸਪੈਕਟਰ ਸ੍ਰੀ ਅਨੂਪ ਸੈਣੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਉਧਰ ਕੋਵਿਡ -19 ਦੇ ਵੱਧ ਰਹੇ ਖ਼ਤਰੇ ਨੂੰ ਵੇਖਦਿਆਂ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕਿਹਾ ਕਿ ਕੋਵਿਡ -19 ਦੇ ਫੈਲਾਅ ਨੂੰ ਘੱਟ ਕਰਨ ਲਈ ਸਮਾਜਿਕ ਦੂਰੀ ਬਣਾਏ ਰੱਖਣਾ ਬਹੁਤ ਲਾਜ਼ਮੀ ਹੈ ਉਨਾਂ ਸ਼ਹਿਰੀ ਖੇਤਰਾਂ ਦੀਆਂ ਜਨਤਕ ਥਾਵਾਂ, ਬਾਜ਼ਾਰਾਂ ਅਤੇ ਸਬਜ਼ੀ ਮੰਡੀਆਂ ਵਿੱਚ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕਰਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਦੀ ਸੁਰੱਖਿਆ ਲਈ ਇਹ ਦੂਰੀ ਯਕੀਨੀ ਬਨਾਉਣ। ਉਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਇੰਨਾਂ ਗੱਲਾਂ ਪ੍ਰਤੀ ਮੁੜ ਜਾਗਰੂਕ ਕਰਨ ਲਈ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ ਹੈ, ਪਰ ਇਹ ਸਾਰਾ ਕੁੱਝ ਤਾਂ ਸੰਭਵ ਹੈ ਜੇਕਰ ਲੋਕ ਇੰਨਾਂ ਸਾਵਧਾਨੀਆਂ ਦਾ ਪਾਲਣ ਕਰਨ।
ਉਨਾਂ ਕਿਹਾ ਕਿ ਰੈਪਿਡ ਰਿਸਪਾਂਸ ਟੀਮਾਂ ਦੀਆਂ ਗਤੀਵਿਧੀਆਂ ਦੀ ਜਲਦ ਮੈਪਿੰਗ ਅਤੇ ਨਿਗਰਾਨੀ ਕਰਕੇ ਵਿਸ਼ੇਸ਼ ਖੇਤਰਾਂ ਵਿੱਚ ਵਾਇਰਸ ਦੇ ਪ੍ਰਭਾਵ ਨੂੰ ਰੋਕਿਆ ਜਾ ਸਕਦਾ ਹੈ। ਸਮਾਜਿਕ ਗਤੀਵਿਧੀਆਂ ਦੀ ਗਤੀ ਨੂੰ ਮੁੜ ਵੇਖਦਿਆਂ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸਮਾਜਿਕ ਕਾਰਜਾਂ ਵਿੱਚ ਸ਼ਾਮਲ ਹੋਣ ਤੋਂ ਪਰਹੇਜ਼ ਕਰਨ ਉਹਨਾਂ ਕਿਹਾ ਕਿ ਜੇ ਲੋਕ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਚਾਉਣਾ ਚਾਹੁੰਦੇ ਹਨ ਤਾਂ ਇਹ ਜ਼ਰੂਰੀ ਹੈ ਕਿ ਇਕੱਠੇ ਯਾਤਰਾ ਕਰਨ/ਮਿਲਣ/ਖਾਣਾ ਖਾਣ ਤੋਂ ਪਰਹੇਜ਼ ਕਰਨ।
ਉਨਾਂ ਕਿਹਾ ਕਿ ਜੇ ਕਿਸੇ ਮਹੱਤਵਪੂਰਨ ਕੰਮ ਲਈ ਬਾਹਰ ਜਾਣਾ ਜ਼ਰੂਰੀ ਹੈ ਤਾਂ ਹਰ ਕਿਸੇ ਨੂੰ ਮਾਸਕ ਲਗਾਉਣਾ ਚਾਹੀਦਾ ਹੈ ਅਤੇ ਹੱਥਾਂ ਦੀ ਸਫਾਈ ਰੱਖਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮਾਜਿਕ ਇਕੱਠਾਂ ਦੌਰਾਨ ਇੱਕ ਦੂਜੇ ਨੂੰ ਮਿਲਦੇ ਸਮੇਂ ਹੱਥ ਮਿਲਾਉਣ ਜਾਂ ਗਲੇ ਲਗਾਉਣ ਤੋਂ ਪਰਹੇਜ਼ ਕਰਨ।
ਭਾਰਤ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ/ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਨੇ ਸਮੇਂ ਸਮੇਂ ‘ਤੇ ਪਾਬੰਦੀਆਂ ਨੂੰ ਲਾਗੂ ਕੀਤਾ ਹੈ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਪੰਜਾਬ ਨੇ ਲਾੱਕਡਾਉਨ 5.0/ਅਨਲੌਕ ਬਾਰੇ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ਤਹਿਤ ਸਾਰੇ ਜ਼ਿਲਿਆਂ ਦੇ ਨਾਨ-ਕੰਟੇਨਮੈਂਟ ਜ਼ੋਨਾਂ ਵਿੱਚ ਕਈ ਗਤੀਵਿਧੀਆਂ ਦੀ ਆਗਿਆ ਦਿੱਤੀ ਗਈ ਹੈ ਲੋਕਾਂ ਨੂੰ ਅੰਤਰ-ਰਾਜੀ ਯਾਤਰਾ ਕਰਨ ਅਤੇ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਗਤੀਵਿਧੀ ਕਰਨ ਦੀ ਆਗਿਆ ਦਿੱਤੀ ਗਈ ਹੈ ਅਜਿਹੀਆਂ ਛੋਟਾਂ ਵਿੱਚ, ਰਾਸ਼ਟਰ ਦੇ ਪ੍ਰਤੀ ਨਾਗਰਿਕਾਂ ਦਾ ਫਰਜ਼ ਬਣਦਾ ਹੈ ਕਿ ਉਹ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ
EDITOR
CANADIAN DOABA TIMES
Email: editor@doabatimes.com
Mob:. 98146-40032 whtsapp