ਅੰਮ੍ਰਿਤਸਰ, 22 ਜੂਨ ( ਰਾਜਨ ਮਾਨ ) : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਹ ਸਾਲਾਂ ਦੇ ਇਤਿਹਾਸ ਵਿਚ ਹੁਣ ਤਕ ਦੇ ਸਭ ਤੋਂ ਵੱਡੇ ਪ੍ਰੋਜੈਕਟ ਸੈਂਟਰ ਫਾਰ ਇੰਟਰਫੇਥ ਸਟੱਡੀਜ਼ ਦੇ ਅਧਿਆਪਨ, ਖੋਜ ਅਤੇ ਪ੍ਰਬੰਧਕੀ ਢਾਂਚੇ ਨੂੰ ਜਿਥੇ ਅਮਲ ਵਿਚ ਲਿਆਂਦਾ ਜਾ ਰਿਹਾ ਹੈ ਉਥੇ ਇਹ ਯੂਨੀਵਰਸਿਟੀ ਆਨਲਾਈਨ ਸਿਖਿਆ ਮੁਹਈਆ ਕਰਵਾਉਣ ਵਾਲੀਆਂ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿਚ ਵੀ ਸ਼ਾਮਿਲ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਦੀ ਅੱਜ ਦੀ ਸਿੰਡੀਕੇਟ ਦੀ ਮੀਟਿੰਗ ਦੇ ਅਨੁਸਾਰ 1 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਆਖਰੀ ਸਮੈਸਟਰ ਦੀਆਂ ਪ੍ਰੀਖਿਆਵਾਂ ਦਾ ਫੈਸਲਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ `ਤੇ ਛੱਡ ਦਿੱਤਾ ਗਿਆ ਹੈ।
ਸਿੰਡੀਕੇਟ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੋ. ਸੰਧੂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੈਂਟਰ ਫਾਰ ਇੰਟਰਫੇਥ ਸਟੱਡੀਜ਼ ਜੋ 432 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣਾ ਹੈ, ਦੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਨਲਾਈਨ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿਚ ਸੈਂਟਰ ਦੇ ਡਿਜ਼ਾਇਨ ਅਤੇ ਹੋਰ ਪਹਿਲੂਆਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ 49.11 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਯੂਨੀਵਰਸਿਟੀ ਨੂੰ ਜਾਰੀ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਇਹ ਸੈਂਟਰ ਉਤਰੀ ਭਾਰਤ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਪ੍ਰੋਜੈਕਟ ਹੋਣ ਦੀ ਸੰਭਾਵਨਾ ਹੈ।ਯੂਨੀਵਰਸਿਟੀ ਦੀ ਅੱਜ ਦੀ ਮੀਟਿੰਗ ਵਿਚ ਇਸ ਸੈਂਟਰ ਦੇ ਸਿਖਿਆ, ਖੋਜ ਅਤੇ ਪ੍ਰਬੰਧਕੀ ਢਾਂਚੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕੋਵਿਡ 19 ਮਹਾਮਾਰੀ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਚੇਰੀ ਸਿਖਿਆ ਦੇ ਖੇਤਰ ਵਿਚ ਪੁੱਟੇ ਗਏ ਵੱਖ ਵੱਖ ਕਦਮਾਂ ਤੋਂ ਜਿਥੇ ਜਾਣੂ ਕਰਵਾਇਆ ਉਥੇ ਉਨ੍ਹਾਂ ਨੇ ਦੱਸਿਆ ਕਿ ਵੱਖ ਵੱਖ ਰੈਂਕਿੰਗਾਂ ਵਿਚ ਯੂਨੀਵਰਸਿਟੀ ਦਾ ਕਾਫੀ ਚੰਗਾ ਸੁਧਾਰ ਹੋਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਕੋਵਿਡ 19 ਦੌਰਾਨ ਉਚੇਰੀ ਸਿਖਿਆ ਦੀ ਨਵੀਂ ਨੀਤੀ `ਚ ਆਨਲਾਈਨ ਸਿਖਿਆ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਸਮੇਂ ਦੀ ਲੋੜ ਅਨੁਸਾਰ ਢਾਲਿਆ ਜਾ ਰਿਹਾ ਹੈ ਉੁਸੇ ਤਹਿਤ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੀ ਆਨਲਾਈਨ ਸਿਖਿਆ ਮੁਹੱਈਆ ਕਰਵਾਉਣ ਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਦੇ ਲਈ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਦੇ ਲਈ ਭੇਜ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਵੀ ਉਨ੍ਹਾਂ ਨੂੰ ਆਸ ਹੈ ਕਿ ਉਹ ਜਲਦ ਹੀ ਇਸ ਪ੍ਰੋਜੈਕਟ ਨੂੰ ਪ੍ਰਵਾਨ ਕਰ ਲੈਣਗੇ ਤਾਂ ਜੋ ਇਸ ਦਾ ਅਮਲੀ ਰੂਪ ਛੇਤੀ ਸ਼ੁਰੂ ਹੋ ਸਕੇ।
ਸਿੰਡੀਕੇਟ ਦੀ ਇਕੱਤਰਤਾ ਯੂਨੀਵਰਸਿਟੀ ਦੇ ਸਿੰਡੀਕੇਟ ਹਾਲ ਵਿੱਚ ਆਯੋਜਿਤ ਕੀਤੀ ਗਈ ਜਿਸ ਦੀ ਪ੍ਰੋ. ਸੰਧੂ ਪ੍ਰਧਾਨਗੀ ਕਰ ਰਹੇ ਸਨ। ਰਜਿਸਟਰਾਰ ਪ੍ਰੋਫੈਸਰ ਡਾ. ਕੇ.ਐੱਸ. ਕਾਹਲੋਂ ਨੇ ਏਜੰਡਾ ਪੇਸ਼ ਕੀਤਾ। ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਤੋਂ ਇਲਾਵਾ ਬਹੁਤ ਸਾਰੇ ਸਿੰਡੀਕੇਟ ਮੈਂਬਰਾਂ ਨੇ ਇਸ ਇਕੱਤਰਤਾ ਵਿਚ ਹਿੱਸਾ ਲਿਆ ਅਤੇ ਯੂਨੀਵਰਸਿਟੀ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲ਼ਾਘਾ ਕਰਦਿਆਂ ਪ੍ਰੋ. ਸੰਧੂ ਨੂੰ ਵਧਾਈ ਦਿੱਤੀ। ਇਸ ਮੌਕੇ ਵੱਖ ਵੱਖ ਮੁੱਦਿਆਂ ਤੇ ਵਿਚਾਰ ਚਰਚਾ ਅਤੇ ਹੋਏ ਫੈਸਲਿਆਂ ਤੋਂ ਇਲਾਵਾ 13 ਪੀ.ਐਚ.ਡੀ. ਥੀਸਿਜ਼ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ।
ਮੀਟਿੰਗ ਵਿਚ ਨਵ-ਨਿਯੁਕਤ ਸਿੰਡੀਕੇਟ ਦੇ ਮੈਂਬਰ ਡਾ. ਧਰਮਵੀਰ ਅਗਨੀਹੋਤਰੀ, ਐਮ.ਐਲ.ਏ. ਅਤੇ ਸ਼੍ਰੀ ਸੁਰਿੰਦਰ ਸਿੰਘ ਚੌਧਰੀ, ਐਮ.ਐਲ.ਏ. ਦਾ ਮੀਟਿੰਗ ਵਿਚ ਪੁੱਜਣ `ਤੇ ਫੁੱਲਾਂ ਦਾ ਗੁਲਦਸਤਾ ਅਤੇ ਕੌਫੀ ਟੇਬਲ ਬੁਕ ਦੇ ਕੇ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਹੋਰ ਮੈਂਬਰਾਂ ਤੋਂ ਇਲਾਵਾ ਯੂ.ਜੀ.ਸੀ. ਦੇ ਸਾਬਕਾ ਚੇਅਰਮੈਨ, ਪ੍ਰੋ. ਵੇਦ ਪ੍ਰਕਾਸ਼ ਅਤੇ ਉਚੇਰੀ ਸਿਖਿਆ ਸਕੱਤਰ, ਸ਼੍ਰੀ ਰਾਹੁਲ ਭੰਡਾਰੀ ਆਨਲਾਈਨ ਹਾਜ਼ਰ ਸਨ। ਮੀਟਿੰਗ ਮੌਕੇ ਸਮਾਜਿਕ ਦੂਰੀ ਦੇ ਨਾਲ ਹੋਰ ਇਹਤਿਆਤ ਨੂੰ ਯਕੀਨੀ ਬਣਾਇਆ ਗਿਆ।
ਉਨ੍ਹਾਂ ਨੇ ਪਹਿਲੀ ਜੁਲਾਈ ਤੋਂ ਵੱਖ ਕੋਰਸਾਂ ਦੇ ਫਾਈਨਲਾਂ ਸਮੈਸਟਰਾਂ (ਐਗਜ਼ਿਟ ਕਲਾਸ) ਦੀਆਂ ਪ੍ਰੀਖਿਆਵਾਂ ਸਬੰਧੀ ਮੈਂਬਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ.ਜੀ.ਸੀ. ਵੱਲੋਂ ਜੋ ਵੀ ਹਦਾਇਤਾਂ ਯੂਨੀਵਰਸਿਟੀ ਨੂੰ ਪ੍ਰਾਪਤ ਹੋਈਆਂ ਸਨ, ਦੇ ਆਧਾਰ `ਤੇ ਤਿਆਰੀਆਂ ਕਰ ਲਈਆਂ ਗਈਆਂ ਹਨ ਪਰ ਤਾਜ਼ਾ ਹਲਾਤਾਂ ਦੇ ਅਨੁਸਾਰ ਯੂ.ਜੀ.ਸੀ. ਇਸ ਉਪਰ ਪੁਨਰ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾ ਸਬੰਧੀ ਜੋ ਵੀ ਨਵੀਆਂ ਹਦਾਇਤਾਂ ਪ੍ਰਾਪਤ ਹੋਣਗੀਆਂ ਉਸ ਆਧਾਰ `ਤੇ ਨਵਾਂ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਨਵੀਆਂ ਕਲਾਸਾਂ ਦੇ ਦਾਖਲਿਆਂ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਤੋਂ ਵੀ ਜਾਣੂ ਕਰਵਾਇਆ ਅਤੇ ਦੱਸਿਆ ਕਿ ਫਿਲਹਾਲ ਵੱਖ ਵੱਖ ਕੋਰਸਾਂ ਦੇ ਲਈ ਰਜਿਸਟਰੇਸ਼ਨ ਜਾਰੀ ਹੈ ਜਦੋਂ ਵੱਖ ਵੱਖ ਕਲਾਸਾਂ ਦੇ ਨਤੀਜੇ ਆ ਜਾਣਗੇ ਤਾਂ ਨਵੇਂ ਦਾਖਲਿਆਂ ਦੇ ਫਾਰਮ ਭਰਵਾ ਲਏ ਜਾਣਗੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲਾਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 25 ਫੀਸਦੀ ਦਾਖਲਿਆਂ ਵਿਚ ਵਾਧਾ ਹੋਇਆ ਸੀ। ਇਸ ਸਾਲ 10 ਫੀਸਦ ਹੋਰ ਵਾਧੇ ਦੀਆਂ ਸੰਭਾਵਨਾਵਾਂ ਹਨ। ਉਨਾਂ੍ਹ ਦੱਸਿਆ ਕਿ ਵੱਖ ਵੱਖ ਕੋਰਸਾਂ ਵਿਚ ਦਾਖਲਿਆਂ ਦੇ ਲਈ ਸੀਟਾਂ ਤੋਂ ਕਿਤੇ ਵੱਧ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਲਦੀ ਹੀ ਪੇਪਰਲੈਸ ਵਰਕਿੰਗ ਯੂਨੀਵਰਸਿਟੀ ਬਣਨ ਜਾ ਰਹੀ ਹੈ ਅਤੇ ਇਸ ਦੇ ਲਈ ਈ-ਆਫਿਸ ਲਾਂਚ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਸਿਖਲਾਈ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ।
ਸਿੰਡੀਕੇਟ ਦੀ ਅੱਜ ਦੀ ਮੀਟਿੰਗ ਵਿਚ ਨਿਯਮਾਂ ਅਨੁਸਾਰ ਹੋਸਟਲਾਂ ਦੇ ਵਿਦਿਆਰਥੀਆਂ ਦੇ ਘੱਟ ਤੋਂ ਘੱਟ ਖਰਚਿਆਂ ਨੂੰ ਮੁਆਫ ਕਰਨ ਤੋਂ ਇਲਾਵਾ ਯੂਨੀਵਰਸਿਟੀ ਕੈਂਪਸ, ਰਿਜ਼ਨਲ ਕੈਂਪਸ, ਕਾਂਸਟੀਚੁਐਂਟ ਤੇ ਯੂਨੀਵਰਸਿਟੀ ਕਾਲਜਾਂ ਦੀਆਂ ਕੰਟੀਨਾਂ/ਦੁਕਾਨਾਂ/ਮੈਸਾ ਅਤੇ ਵਹੀਕਲ ਸਟੈਂਡਾਂ ਦਾ ਕਿਰਾਇਆ ਉਦੋਂ ਤਕ ਮੁਆਫ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਦੋਂ ਤਕ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ, ਕੈਂਪਸਾਂ ਅਤੇ ਕਾਲਜ ਖੁੱਲ੍ਹਣ ਦੇ ਆਦੇਸ਼ ਪ੍ਰਾਪਤ ਨਹੀਂ ਹੁੰਦੇ। ਇਸ ਤੋਂ ਇਲਾਵਾ ਯੂਨੀਵਰਸਿਟੀ ਸਿੰਡੀਕੇਟ ਵੱਲੋਂ ਕੁੱਝ ਕੋਰਸਾਂ ਦੇ ਨਾਂ ਬਦਲਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ।
ਪ੍ਰੋ. ਸੰਧੂ ਨੇ ਸਿੰਡੀਕੇਟ ਮੈਂਬਰਾਂ ਦਾ ਸਹਿਯੋਗ ਦੇਣ ਦੇ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਫਿਰ ਯੂਨੀਵਰਸਿਟੀ ਨੂੰ ਵੱਖ ਵੱਖ ਨਾਮਵਰ ਅਤੇ ਵੱਕਾਰੀ ਸੰਸਥਾਵਾਂ ਵੱਲੋਂ ਕੀਤੀ ਗਈ ਰੈਂਕਿੰਗ ਵਿਚ ਹੋਏ ਚੰਗੇ ਸੁਧਾਰ ਕਾਰਨ ਵਧੀਆ ਸਥਾਨ ਪ੍ਰਾਪਤ ਹੋਏ ਹਨ ਜੋ ਕਿ ਯੂਨੀਵਰਸਿਟੀ ਪਰਿਵਾਰ ਦੀ ਮਿਹਨਤ ਸਦਕਾ ਸੰਭਵ ਹੋਇਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਤਿੰਨ ਸਾਲ ਦੇ ਕਾਰਜਕਾਲ ਦੇ ਵਾਧੇ `ਤੇ ਸਿੰਡੀਕੇਟ ਮੈਂਬਰਾਂ ਵੱਲੋਂ ਇਸ ਮੌਕੇ ਪੰਜਾਬ ਸਰਕਾਰ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp